ਅਲ ਕਾਇਦਾ ਦੀ ਸਹਿਯੋਗੀ ਜਥੇਬੰਦੀ ਦਾ ਕਸ਼ਮੀਰ ’ਚੋਂ ਸਫ਼ਾਇਆ: ਡੀਜੀਪੀ
ਸ੍ਰੀਨਗਰ-ਜੰਮੂ ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਮੰਗਲਵਾਰ ਨੂੰ ਤਰਾਲ ਇਲਾਕੇ ਵਿਚ ਅਲ ਕਾਇਦਾ ਦੇ ਸਹਿਯੋਗੀ ਸੰਗਠਨ ਅੰਸਾਰ ਗ਼ਜ਼ਵਤ-ਉਲ ਹਿੰਦ ਦੇ ਮੁਖੀ ਹਮੀਦ ਲੋਨ ਦੇ ਮਾਰੇ ਜਾਣ ਨਾਲ ਸੰਗਠਨ ਦਾ ਕਸ਼ਮੀਰ ਘਾਟੀ ਵਿਚੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਆਧਾਰਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਹਮਲਿਆਂ ਨੂੰ ਅੰਜਾਮ ਦੇਣ ਲਈ ਕਸ਼ਮੀਰ ਦੇ ਹੋਰ ਸੰਗਠਨਾਂ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਵਿਚ ਸੁਰੱਖਿਆ ਬਲਾਂ ਵੱਲੋਂ ਤਿੰਨ ਦਹਿਸ਼ਤਗਰਦਾਂ ਨੂੰ ਹਲਾਕ ਕਰਨ ਦੀ ਘਟਨਾ ਤੋਂ ਇਕ ਦਿਨ ਬਾਅਦ ਪੁਲੀਸ ਮੁਖੀ ਨੇ ਕਿਹਾ ਕਿ ਹਾਲੇ ਵੀ ਕੁਝ ਤੱਤ ਸਰਗਰਮ ਹਨ। ਉਹ ਅਚਾਨਕ ਸਾਹਮਣੇ ਆਉਂਦੇ ਹਨ ਤੇ ਦਹਿਸ਼ਤਗਰਦਾਂ ਨਾਲ ਜਾ ਰਲਦੇ ਹਨ। ਤਰਾਲ ਵਿਚ ਮਾਰੇ ਗਏ 3 ਅਤਿਵਾਦੀਆਂ ਦੀ ਸ਼ਨਾਖ਼ਤ ਹਮੀਦ ਲੋਨ, ਨਵੀਦ ਅਹਿਮਦ ਟਾਕ ਤੇ ਜੁਨੈਦ ਰਾਸ਼ਿਦ ਭੱਟ ਵਜੋਂ ਹੋਈ ਹੈ। ਇਹ ਸਾਰੇ ਪੁਲਵਾਮਾ ਦੇ ਰਹਿਣ ਵਾਲੇ ਸਨ। ਡੀਜੀਪੀ ਨੇ ਕਿਹਾ ਕਿ ਪੁਲੀਸ ਰਿਕਾਰਡ ਮੁਤਾਬਕ ਇਹ ਸਾਰੇ ਜ਼ਾਕਿਰ ਮੂਸਾ ਦੇ ਸੰਗਠਨ ਦਾ ਹਿੱਸਾ ਸਨ ਤੇ ਕਈ ਅਤਿਵਾਦੀ ਹਮਲਿਆਂ ਨਾਲ ਜੁੜੇ ਹੋਏ ਹਨ। ਡੀਜੀਪੀ ਨੇ ਕਿਹਾ ਕਿ ਜੈਸ਼ ਨੂੰ ਹਦਾਇਤਾਂ ਪਾਕਿਸਤਾਨ ਤੋਂ ਮਿਲਦੀਆਂ ਹਨ। ਕਸ਼ਮੀਰ ਵਾਦੀ ਵਿਚ ਜਨਜੀਵਨ ਲਗਾਤਾਰ 80ਵੇਂ ਦਿਨ ਵੀ ਪ੍ਰਭਾਵਿਤ ਹੈ। ਮੁੱਖ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਬੰਦ ਹਨ। ਕੁਝ ਦੁਕਾਨਾਂ ਸਵੇਰੇ ਖੁੱਲ੍ਹ ਕੇ 11 ਵਜੇ ਬੰਦ ਹੋ ਰਹੀਆਂ ਹਨ। ਸਰਕਾਰੀ ਟਰਾਂਸਪੋਰਟ ਵੀ ਠੱਪ ਹੈ। ਜਹਾਂਗੀਰ ਤੇ ਲਾਲ ਚੌਕ ਕੋਲ ਪ੍ਰਾਈਵੇਟ ਵਾਹਨ ਚੱਲ ਰਹੇ ਹਨ। ਹਾਲਾਂਕਿ ਇੰਟਰਨੈੱਟ ਸੇਵਾਵਾਂ ਹਰ ਪੱਧਰ ’ਤੇ ਠੱਪ ਹਨ। ਸਕੂਲ ਤੇ ਕਾਲਜ ਖੁੱਲ੍ਹ ਰਹੇ ਹਨ ਪਰ ਸੁਰੱਖਿਆ ਦੇ ਮੱਦੇਨਜ਼ਰ ਵਿਦਿਆਰਥੀ ਵਿਦਿਅਕ ਅਦਾਰਿਆਂ ਦਾ ਰੁਖ਼ ਨਹੀਂ ਕਰ ਰਹੇ।