ਅਲਬਾਨੀਆ ਵਿੱਚ ਭੁਚਾਲ ਕਾਰਨ ਅੱਠ ਮੌਤਾਂ, 300 ਤੋਂ ਵੱਧ ਜ਼ਖ਼ਮੀ
ਅਲਬਾਨੀਆ ਵਿੱਚ ਤੜਕੇ ਆਏ ਭੁਚਾਲ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠ ਦਬੇ ਲੋਕਾਂ ਨੂੰ ਲੱਭਣ ਲਈ ਬਚਾਅ ਦਲ ਵੱਲੋਂ ਖੁਦਾਈ ਕੀਤੀ ਜਾ ਰਹੀ ਹੈ। ਇਸ ਭੁਚਾਲ ਦੌਰਾਨ ਘੱਟੋ-ਘੱਟ ਤਿੰਨ ਇਮਾਰਤਾਂ ਢਹਿ ਗਈਆਂ। ਜਿਸ ਵੇਲੇ ਭੁਚਾਲ ਆਇਆ ਉਦੋਂ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਹੁਣੇ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਮਾਰਤਾਂ ਦੇ ਮਲਬੇ ਹੇਠ ਕਿੰਨੇ ਕੁ ਲੋਕ ਦਬੇ ਹੋਏ ਹਨ।
ਦੱਖਣੀ ਬਲਕਾਨ ਵਿੱਚ ਅੱਜ ਤੜਕੇ 6.4 ਦੀ ਰਫ਼ਤਾਰ ਨਾਲ ਭੁਚਾਲ ਆਇਆ ਅਤੇ ਉਸ ਤੋਂ ਬਾਅਦ ਵੀ ਕਈ ਝਟਕੇ ਲੱਗੇ। ਇਸੇ ਤਰ੍ਹਾਂ ਨਾਲ ਲਗਦੇ ਬੋਸਨੀਆ ਵਿੱਚ 5.4 ਦੀ ਰਫ਼ਤਾਰ ਨਾਲ ਭੁਚਾਲ ਆਇਆ ਜਿਸ ਨਾਲ ਸਾਰਾਜੀਵੋ ਪੂਰੀ ਤਰ੍ਹਾਂ ਹਿੱਲ ਗਿਆ। ਇੱਥੇ ਖ਼ਬਰ ਲਿਖੇ ਜਾਣ ਤੱਕ ਭੁਚਾਲ ਕਾਰਨ ਕਿਸੇ ਦੀ ਮੌਤ ਹੋਣ ਜਾਂ ਨੁਕਸਾਨ ਹੋਣ ਦੀ ਸੂਚਨਾ ਨਹੀਂ ਸੀ। ਗਰੀਸ ਤੇ ਕੋਸੋਵੋ ਨੇ ਅਲਬਾਨੀਆ ਵਿੱਚ ਭੁਚਾਲ ਪੀੜਤਾਂ ਲਈ ਚੱਲ ਰਹੇ ਬਚਾਅ ਕਾਰਜਾਂ ’ਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਈ ਰਾਮਾ ਨੇ ਕਿਹਾ, ‘‘ਇਹ ਅਜਿਹਾ ਸਮਾਂ ਹੈ ਜਦੋਂ ਸਾਨੂੰ ਸ਼ਾਂਤ ਰਹਿ ਕੇ ਇਸ ਧੱਕੇ ਤੋਂ ਉੱਭਰਨ ਲਈ ਇਕ-ਦੂਜੇ ਦੇ ਨਾਲ ਰਹਿਣਾ ਹੈ।’’ ਉਨ੍ਹਾਂ ਮਦਦ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੁਆਂਢੀ ਮੁਲਕਾਂ, ਯੂਰਪੀ ਯੂਨੀਅਨ ਤੇ ਅਮਰੀਕਾ ਨੇ ਮਦਦ ਭੇਜਣ ਦੀ ਪੇਸ਼ਕਸ਼ ਕੀਤੀ ਹੈ।