ਅਸਾਮ ਹਿੰਸਾ: ਪੁਲੀਸ ਦੀ ਗੋਲੀ ਨਾਲ ਦੋ ਮੌਤਾਂ

ਅਸਾਮ ਹਿੰਸਾ: ਪੁਲੀਸ ਦੀ ਗੋਲੀ ਨਾਲ ਦੋ ਮੌਤਾਂ

ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਸਾਮ ’ਚ ਹਿੰਸਕ ਪ੍ਰਦਰਸ਼ਨ ਜਾਰੀ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਕਰਫ਼ਿਊ ਦੀ ਪ੍ਰਵਾਹ ਨਾ ਕਰਦਿਆਂ ਸੜਕਾਂ ’ਤੇ ਆ ਗਏ ਅਤੇ ਕਈ ਥਾਵਾਂ ’ਤੇ ਪੁਲੀਸ ਨਾਲ ਭਿੜ ਗਏ। ਫ਼ੌਜ ਵੱਲੋਂ ਕੱਢੇ ਗਏ ਫਲੈਗ ਮਾਰਚ ਦਾ ਵੀ ਰੋਹ ’ਚ ਆਏ ਲੋਕਾਂ ’ਤੇ ਕੋਈ ਅਸਰ ਨਾ ਪਿਆ। ਸੂਬੇ ’ਚ ਫ਼ੌਜ ਦੀਆਂ ਪੰਜ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਪੁਲੀਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਕੀਤੀ ਗਈ ਗੋਲੀਬਾਰੀ ’ਚ ਦੋ ਵਿਅਕਤੀ ਮਾਰੇ ਗਏ। ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਇਕ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਦੂਜੇ ਨੇ ਇਲਾਜ ਦੌਰਾਨ ਦਮ ਤੋੜਿਆ। ਅਧਿਕਾਰੀ ਉਨ੍ਹਾਂ ਦੇ ਨਾਮ ਨਹੀਂ ਦੱਸ ਸਕਿਆ ਕਿਉਂਕਿ ਉਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਗੁਹਾਟੀ ਅਤੇ ਡਿਬਰੂਗੜ੍ਹ ਤੋਂ ਬਾਅਦ ਜੋਰਹਾਟ ’ਚ ਵੀ ਕਰਫ਼ਿਊ ਲਗਾ ਦਿੱਤਾ ਗਿਆ ਹੈ। ਗੁਹਾਟੀ ਦੇ ਲਾਲੁੰਗ ਗਾਉਂ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕਰਨ ਮਗਰੋਂ ਪੁਲੀਸ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਲੋਕਾਂ ਨੇ ਦਾਅਵਾ ਕੀਤਾ ਕਿ ਗੋਲੀਬਾਰੀ ’ਚ ਚਾਰ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ।
ਗੁਹਾਟੀ ’ਚ ਹਿੰਸਕ ਪ੍ਰਦਰਸ਼ਨਾਂ ਮਗਰੋਂ ਸ਼ਹਿਰ ਫ਼ੌਜੀ ਛਾਉਣੀ ’ਚ ਤਬਦੀਲ ਹੋ ਗਿਆ ਹੈ। ਤਿਨਸੁਕੀਆ, ਜੋਰਹਾਟ ਅਤੇ ਡਿਬਰੂਗੜ੍ਹ ਵਰਗੇ ਅਹਿਮ ਸ਼ਹਿਰਾਂ ’ਚ ਵੀ ਫ਼ੌਜ ਨੇ ਫਲੈਗ ਮਾਰਚ ਕੱਢੇ। ਲੋਕਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਟਾਇਰ ਸਾੜ ਕੇ ਰਾਹ ਰੋਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਮੀ ਅਤੇ ਅੰਗਰੇਜ਼ੀ ’ਚ ਟਵੀਟ ਕਰਦਿਆਂ ਸ਼ਾਂਤੀ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਖੁਦ ਤੇ ਕੇਂਦਰ ਸਰਕਾਰ ਧਾਰਾ 6 ਤਹਿਤ ਅਸਾਮ ਦੇ ਲੋਕਾਂ ਦੇ ਸਿਆਸੀ, ਸੱਭਿਆਚਾਰਕ, ਬੋਲੀ ਅਤੇ ਜ਼ਮੀਨੀ ਹੱਕਾਂ ਦੀ ਸੰਵਿਧਾਨਕ ਤੌਰ ’ਤੇ ਰਾਖੀ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਸਾਮ ਦੇ ਲੋਕਾਂ ਦੇ ਹੱਕ ਨਹੀਂ ਖੋਹ ਸਕਦਾ ਹੈ। ਤਣਾਅ ਵਧਦਾ ਦੇਖ ਕੇ ਅਧਿਕਾਰੀਆਂ ਨੇ 10 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ 48 ਹੋਰ ਘੰਟਿਆਂ ਲਈ ਮੁਅੱਤਲ ਕਰ ਦਿੱਤੀਆਂ ਹਨ। ਰੇਲਵੇ ਨੇ ਤ੍ਰਿਪੁਰਾ ਅਤੇ ਅਸਾਮ ’ਚ ਸਾਰੀਆਂ ਮੁਸਾਫ਼ਰ ਗੱਡੀਆਂ ਮੁਅੱਤਲ ਕਰ ਦਿੱਤੀਆਂ ਹਨ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਜੱਦੀ ਸ਼ਹਿਰ ਡਿਬਰੂਗੜ੍ਹ ਦੇ ਚਾਬੂਆ ਅਤੇ ਤਿਨਸੁਕੀਆ ਦੇ ਪਾਨੀਤੋਲਾ ਰੇਲਵੇ ਸਟੇਸ਼ਨ ਨੂੰ ਬੁੱਧਵਾਰ ਦੇਰ ਰਾਤ ਅੱਗ ਲਾਏ ਜਾਣ ਮਗਰੋਂ ਇਹ ਕਦਮ ਉਠਾਇਆ ਗਿਆ। ਇਸ ਨਾਲ ਕਈ ਮੁਸਾਫ਼ਰ ਉਥੇ ਫਸ ਗਏ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭੜਕਾਊ ਸਮੱਗਰੀ ਨਾ ਦਿਖਾਉਣ।
ਇਸ ਦੌਰਾਨ ਅਸਾਮ ਦੀ ਭਾਜਪਾ ਸਰਕਾਰ ਨੇ ਪ੍ਰਦਰਸ਼ਨਾਂ ’ਤੇ ਕਾਬੂ ਪਾਉਣ ’ਚ ਨਾਕਾਮ ਰਹਿਣ ’ਤੇ ਗੁਹਾਟੀ ਪੁਲੀਸ ਕਮਿਸ਼ਨਰ ਦੀਪਕ ਕੁਮਾਰ ਨੂੰ ਹਟਾ ਕੇ ਉਸ ਦੀ ਥਾਂ ’ਤੇ ਮੁੰਨਾ ਪ੍ਰਸਾਦ ਗੁਪਤਾ ਨੂੰ ਤਾਇਨਾਤ ਕਰ ਦਿੱਤਾ ਹੈ। ਇਸੇ ਤਰ੍ਹਾਂ ਵਧੀਕ ਡਾਇਰੈਕਟਰ ਜਨਰਲ ਪੁਲੀਸ (ਅਮਨ ਕਾਨੂੰਨ) ਮੁਕੇਸ਼ ਅਗਰਵਾਲ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ’ਤੇ ਏਡੀਜੀਪੀ (ਸੀਆਈਡੀ) ਜੀ ਪੀ ਸਿੰਘ ਨੂੰ ਲਗਾਇਆ ਗਿਆ ਹੈ।
ਅਸਾਮ ਦੇ ਹੈਂਡਲੂਮ ਮੰਤਰੀ ਰਣਜੀਤ ਦੱਤਾ ਦੇ ਸੋਨਿਤਪੁਰ ਦੇ ਬੇਹਾਲੀ ਸਥਿਤ ਘਰ ’ਤੇ ਭੀੜ ਨੇ ਪਥਰਾਅ ਕੀਤਾ। ਪੁਲੀਸ ਦੇ ਸਮੇਂ ਸਿਰ ਪਹੁੰਚਣ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋ ਸਕਿਆ ਅਤੇ ਭੀੜ ਖਿੰਡ ਗਈ। ਪ੍ਰਸ਼ਾਸਨ ਨੇ ਤੇਜ਼ਪੁਰ ਅਤੇ ਢੇਕਿਆਜੁਲੀ ਨਗਰਾਂ ’ਚ ਵੀ ਕਰਫ਼ਿਊ ਲਗਾ ਦਿੱਤਾ ਹੈ।
ਡਿਬਰੂਗੜ੍ਹ ਦੇ ਚਾਬੂਆ ’ਚ ਸਥਾਨਕ ਵਿਧਾਇਕ ਵਿਨੋਦ ਹਜ਼ਾਰਿਕਾ ਦੀ ਰਿਹਾਇਸ਼ ’ਤੇ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਉਥੇ ਖੜ੍ਹੇ ਵਾਹਨਾਂ ਨੂੰ ਵੀ ਫੂਕ ਦਿੱਤਾ। ਉਨ੍ਹਾਂ ਕਸਬੇ ਦੇ ਸਰਕਲ ਦਫ਼ਤਰ ਨੂੰ ਵੀ ਸਾੜ ਦਿੱਤਾ। ਕਾਮਰੂਪ ਜ਼ਿਲ੍ਹੇ ’ਚ ਦਫ਼ਤਰ, ਸਕੂਲ ਅਤੇ ਕਾਲਜ ਮੁਕੰਮਲ ਤੌਰ ’ਤੇ ਬੰਦ ਰਹੇ। ਪੁਲੀਸ ਨੇ ਕਿਹਾ ਕਿ ਉਨ੍ਹਾਂ ਰੰਗੀਆ ਕਸਬੇ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕੀਤੇ ਜਾਣ ’ਤੇ ਤਿੰਨ ਰਾਊਂਡ ਗੋਲੀਆਂ ਦੇ ਚਲਾਏ। ਕਈ ਹੋਰ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ। ਆਲ ਅਸਾਮ ਸਟੂਡੈਂਟਸ ਯੂਨੀਅਨ ਅਤੇ ਨੌਰਥ ਈਸਟ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਹਰ ਸਾਲ 12 ਦਸੰਬਰ ਨੂੰ ‘ਕਾਲਾ ਦਿਵਸ’ ਮਨਾਉਣਗੇ।

Radio Mirchi