ਅਸੀਂ ਅਪਰਾਧੀ ਨਹੀਂ ਹਾਂ: ਫ਼ਾਰੂਕ ਅਬਦੁੱਲਾ
ਨੈਸ਼ਨਲ ਕਾਨਫ਼ਰੰਸ ਦੇ ਜੰਮੂ ਕਸ਼ਮੀਰ ਵਿਚ ਨਜ਼ਰਬੰਦ ਆਗੂ ਫ਼ਾਰੂਕ ਅਬਦੁੱਲਾ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਆਪਣੇ ਨਿੱਜੀ ਲੈਟਰਹੈੱਡ ’ਤੇ ਲਿਖੇ ਪੱਤਰ ਵਿਚ ਕਿਹਾ ਹੈ ਕਿ ‘ਉਹ ਅਪਰਾਧੀ ਨਹੀਂ ਹਨ’, ਨਾਲ ਹੀ ਉਨ੍ਹਾਂ ਆਪਣੀ ਰਿਹਾਇਸ਼ ਨੂੰ ‘ਸਬ-ਜੇਲ੍ਹ ਦੱਸਿਆ ਹੈ। ਅਬਦੁੱਲਾ ਪੰਜ ਅਗਸਤ ਤੋਂ ਨਜ਼ਰਬੰਦ ਹਨ ਤੇ 17 ਸਤੰਬਰ ਨੂੰ ਉਨ੍ਹਾਂ ’ਤੇ ਸਖ਼ਤ ਜਨਤਕ ਸੁਰੱਖਿਆ ਐਕਟ ਲਾ ਦਿੱਤਾ ਗਿਆ ਸੀ। ਮੌਜੂਦਾ ਸਮੇਂ ਅਬਦੁੱਲਾ ਗੁਪਕਾਰ ਸਥਿਤ ਆਪਣੀ ਰਿਹਾਇਸ਼ ’ਤੇ ਹਨ ਜਿਸ ਨੂੰ ਸਬ-ਜੇਲ੍ਹ ਐਲਾਨਿਆ ਗਿਆ ਹੈ। ਜੰਮੂ ਕਸ਼ਮੀਰ ਵਿਚੋਂ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਅਬਦੁੱਲਾ ਸਣੇ ਕਈ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਥਰੂਰ ਨੇ ਅਬਦੁੱਲਾ ਨੂੰ 21 ਅਕਤੂਬਰ ਨੂੰ ਪੱਤਰ ਲਿਖਿਆ ਸੀ ਜੋ 2 ਦਸੰਬਰ ਨੂੰ ਉਨ੍ਹਾਂ ਨੂੰ ਮਿਲਿਆ। ਇਕ ਪੈਰੇ ਦੇ ਜਵਾਬ ’ਚ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਫ਼ਾਰੂਕ ਨੇ ਥਰੂਰ ਦਾ ਧੰਨਵਾਦ ਕੀਤਾ। ਅਬਦੁੱਲਾ ਨੇ ਕਿਹਾ ਕਿ 21 ਅਕਤੂਬਰ ਦਾ ਪੱਤਰ ਉਨ੍ਹਾਂ ਨੂੰ ਸਬ-ਜੇਲ੍ਹ ਦੀ ਨਿਗਰਾਨੀ ਕਰ ਰਹੇ ਮੈਜਿਸਟਰੇਟ ਨੇ 2 ਦਸੰਬਰ ਨੂੰ ਦਿੱਤਾ। ਬਹੁਤ ਮੰਦਭਾਗਾ ਹੈ ਕਿ ਚਿੱਠੀ-ਪੱਤਰ ਵੀ ਸਮੇਂ ਸਿਰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸੰਸਦ ਦੇ ਸੀਨੀਅਰ ਮੈਂਬਰ ਤੇ ਸਿਆਸੀ ਪਾਰਟੀ ਦੇ ਆਗੂ ਨਾਲ ਇਸ ਤਰ੍ਹਾਂ ਦਾ ਵਿਹਾਰ ਜਾਇਜ਼ ਨਹੀਂ ਹੈ। ਅਸੀਂ ਅਪਰਾਧੀ ਨਹੀਂ ਹਾਂ। ਅਬਦੁੱਲਾ ਦਾ ਪੱਤਰ ਥਰੂਰ ਨੇ ਆਪਣੇ ਟਵਿੱਟਰ ਹੈਂਡਲ ’ਤੇ ਸਾਂਝਾ ਕੀਤਾ ਹੈ। ਥਰੂਰ ਨੇ ਕਿਹਾ ਕਿ ਮਰਿਆਦਾ ਤਹਿਤ ਸੰਸਦ ਮੈਂਬਰਾਂ ਨੂੰ ਸੈਸ਼ਨ ’ਚ ਹਿੱਸਾ ਲੈਣ ਦੇਣਾ ਚਾਹੀਦਾ ਹੈ। ਲੋਕਤੰਤਰ ਦਾ ਮਾਣ ਇਸ ਨਾਲ ਹੀ ਕਾਇਮ ਰਹਿ ਸਕੇਗਾ।