ਅਸੀਂ ਜਿੱਤ ਦੇ ਨਜ਼ਦੀਕ ਹਾਂ, ਹੌਸਲਾ ਬਣਾਈ ਰੱਖਿਓ : ਰਾਜੇਵਾਲ

ਅਸੀਂ ਜਿੱਤ ਦੇ ਨਜ਼ਦੀਕ ਹਾਂ, ਹੌਸਲਾ ਬਣਾਈ ਰੱਖਿਓ : ਰਾਜੇਵਾਲ

ਫਤਿਹਗਡ਼੍ਹ ਸਾਹਿਬ - ਅਨਾਜ ਮੰਡੀ ਸਰਹਿੰਦ ਵਿਖੇ ਕਿਸਾਨ ਮਹਾਪੰਚਾਇਤ ਹੋਈ, ਜਿਸ ’ਚ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਪਹੁੰਚੇ। ਇਸ ਮੌਕੇ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਚਡ਼ੂਨੀ, ਡਾ. ਦਰਸ਼ਨਪਾਲ ਸਿੰਘ, ਯੋਗਰਾਜ ਸਿੰਘ, ਪੰਮੀ ਬਾਈ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨੇ ਖੇਤੀ ਬਿੱਲਾਂ ਦੇ ਵਿਰੋਧ ’ਚ ਸ਼ੁਰੂ ਹੋਇਆ ਅੰਦੋਲਨ ਸ਼ਿਖਰਾਂ ਤੇ ਪਹੁੰਚ ਗਿਆ ਹੈ, ਜਿਸ ਕਰਕੇ ਪੂਰੇ ਦੇਸ਼ ’ਚ ਮਹਾਂਪੰਚਾਇਤਾਂ ਕਰਕੇ ਆਮ ਲੋਕਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਦੱਸ ਰਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਨੂੰਨ ਲੋਕ ਵਿਰੋਧੀ ਹਨ।
ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਅੰਦੋਲਨ ਨਾਲ ਕੇਂਦਰ ਸਰਕਾਰ ਸਣੇ ਉਦਯੋਗਪਤੀਆਂ ਦੀ ਵੀ ਨੀਂਦ ਉਡ ਗਈ ਹੈ। ਇਹ ਕੋਈ ਛੋਟੀ ਗੱਲ ਨਹੀਂ ਕਿ ਤੁਹਾਡੇ ਅੰਦੋਲਨ ਦੀ ਚਰਚਾ ਦੇਸ਼ ਦੀਆਂ ਪਾਰਲੀਮੈਂਟਾਂ ਤੋਂ ਇਲਾਵਾ ਵਿਦੇਸ਼ਾਂ ਦੀਆਂ ਪਾਰਲੀਮੈਂਟਾਂ ’ਚ ਵੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸੋਨੇ ਦੀ ਚਿੜ੍ਹੀ ਹੈ, ਜਿਸ ਨੂੰ ਲੀਡਰਾਂ ਨੇ ਹੀ ਖਾਦਾ ਹੈ, ਜਿਸ ਕਾਰਨ ਪੰਜਾਬ ਦੀ ਹਾਲਤ ਤਰਸਯੋਗ ਬਣ ਗਈ, ਜੇਕਰ ਹਾਲੇ ਵੀ ਪੰਜਾਬ ਦੇ ਲੋਕ ਸੂਬੇ ਪ੍ਰਤੀ ਵਫਾਦਾਰ ਬਣ ਜਾਣ ਤਾਂ ਕੁੱਝ ਸਾਲਾਂ ’ਚ ਹੀ ਪੰਜਾਬ ਮੁੜ ਸੋਨੇ ਦੀ ਚਿੜ੍ਹੀ ਬਣ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਰਚਾ ਚੜ੍ਹਦੀ ਕਲਾ ’ਚ ਚੱਲ ਰਿਹਾ ਹੈ, ਉਥੇ ਆਪਣੀ ਹਾਜ਼ਰੀ ਲਵਾਉਂਦੇ ਰਹੋ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮੋਦੀ ਜੁੰਡਲੀ ਤੋਂ ਅੱਕ ਚੁੱਕੇ ਹਨ। ਇਸ ਨੂੰ ਚਲਦਾ ਕਰਨ ਲਈ ਵੀ ਮਨ ਬਣਾ ਚੁੱਕੇ ਹਨ, ਇਸ ਲਈ ਆਪਣੀ ਜੰਗ ਜਾਰੀ ਰੱਖਿਓ। ਜਿਸ ਨੂੰ ਜਲਦ ਹੀ ਬੂਰ ਪੈਣ ਵਾਲਾ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ, ਪ੍ਰੰਤੂ ਅੱਜ ਸਾਡੇ ਹੀ ਦੇਸ਼ ਦੇ ਆਗੂ ਦੇਸ਼ ਨੂੰ ਤਬਾਹ ਕਰਨ ਤੇ ਲੱਗੇ ਹਨ, ਜੇਕਰ ਅਸੀਂ ਹਾਲੇ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ। ਦੇਸ਼ ਨੂੰ ਆਜ਼ਾਦ ਕਰਵਾਉਣ ਸਮੇਂ ਇੱਕ ਵੀ ਆਗੂ ਅਤੇ ਪੂੰਜੀਪਤੀ ਦਾ ਪੁੱਤਰ ਸ਼ਹੀਦ ਨਹੀਂ ਹੋਇਆ। ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਸਾਹਿਬ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿਥੋਂ ਜੁਲਮ ਕਰਨ ਵਾਲੇ ਆਗੂਆਂ ਦਾ ਅੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਤਹਿ ਕੀਤਾ ਸੀ।
ਯੋਗਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਬਿੱਲ ਲਿਆਉਣ ਤੋ ਪਹਿਲਾਂ ਦੀ ਕਿਸਾਨ ਮੁਸ਼ਕਿਲਾਂ ਨਾਲ ਜੂਝ ਰਿਹਾ ਸੀ, ਅੰਦੋਲਨ ਦੀ ਸਖਤੀ ਦੇ ਕਾਰਨ ਭਾਵੇਂ ਕੇਂਦਰ ਸਰਕਾਰ ਬਿੱਲ ਰੱਦ ਵੀ ਕਰ ਦੇਵੇ ਪ੍ਰੰਤੂ ਕਿਸਾਨਾਂ ਦੀ ਹਾਲਤ ਨਹੀ ਸੁਧਰੇਗੀ, ਇਸ ਲਈ ਕਿਸਾਨ ਆਗੂਆਂ ਨੂੰ ਚਾਹੀਦਾ ਕਿ ਆਉਣ ਵਾਲੀਆਂ ਚੋਣਾਂ ’ਚ ਕਿਸਾਨ ਮੋਰਚਾ ਚੋਣਾਂ ਜਿੱਤ ਕੇ ਸਰਕਾਰ ਬਣਾਏ, ਤਾਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।

Radio Mirchi