ਅੱਜ ਹੋਵੇਗਾ ਭਾਰਤੀ ਸਿੰਘ ਤੇ ਹਰਸ਼ ਦੀ ਕਿਸਮਤ ਦਾ ਫ਼ੈਸਲਾ, ਕੋਰਟ ਕਰੇਗਾ ਸੁਣਵਾਈ
ਜਲੰਧਰ - ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਮੁਸ਼ਕਿਲਾਂ ਵਿਚ ਘਿਰਦੇ ਜਾ ਰਹੇ ਹਨ। ਭਾਰਤੀ ਸਿੰਘ ਤੇ ਹਰਸ਼ ਦੇ ਘਰੋਂ ਸ਼ਨੀਵਾਰ ਨੂੰ ਐੱਨ. ਸੀ. ਬੀ. ਨੇ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡਰੱਗ ਕੇਸ ਵਿਚ ਐੱਨ. ਸੀ. ਬੀ. ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਐਤਵਾਰ ਨੂੰ ਕਿਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਭਾਰਤੀ ਸਿੰਘ ਤੇ ਹਰਸ਼ ਨੂੰ 14 ਦਿਨਾਂ ਲਈ ਯਾਨੀਕਿ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਹਾਲਾਂਕਿ ਦੋਵਾਂ ਵਲੋਂ ਬੇਲ ਲਈ ਅਪਲਾਈ ਕਰ ਦਿੱਤਾ ਗਿਆ ਹੈ, ਜਿਸ 'ਤੇ ਅੱਜ ਸੁਣਵਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸਿੰਘ ਨੂੰ ਕਲਿਆਣ ਜੇਲ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਉਥੇ ਹੀ ਹਰਸ਼ ਨੂੰ ਟਲੋਜਾ ਜੇਲ ਵਿਚ ਰੱਖਿਆ ਗਿਆ ਹੈ। ਹੁਣ ਅੱਜ ਦੋਵਂ ਦੀ ਅਰਜੀ 'ਤੇ ਸੁਣਵਾਈ ਹੋਣੀ ਹੈ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਭਾਰਤੀ ਤੇ ਹਰਸ਼ ਨੂੰ ਅੱਗੇ ਰਾਹਤ ਮਿਲੇਗੀ ਜਾਂ ਨਹੀਂ।
ਦੱਸ ਦਈਏ ਕਿ ਹਰਸ਼ ਨੂੰ ਉਸ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਹਰਸ਼ ਅਤੇ ਭਾਰਤੀ ਦੋਵਾਂ ਨੇ ਆਪਣੇ ਦਫ਼ਤਰ ਅਤੇ ਘਰ ਵਿਚ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਿਆਂ ਦਾ ਸੇਵਨ ਕਰਨਾ ਸਵੀਕਾਰ ਕੀਤਾ ਹੈ। ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਕਮੇਡੀਅਨ ਭਾਰਤੀ ਸਿੰਘ ਨੂੰ ਉਸ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਸੀ। ਐੱਨ. ਸੀ. ਬੀ. ਨੇ ਸਵੇਰੇ ਭਾਰਤੀ ਦੇ ਉਪਨਗਰੀ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ। ਕੇਂਦਰੀ ਏਜੰਸੀ ਦੀ ਇਹ ਕਾਰਵਾਈ ਹਿੰਦੀ ਫ਼ਿਲਮ ਸਨਅਤ ਵਿਚ ਕਥਿਤ ਡਰੱਗ ਦੀ ਵਰਤੋਂ ਬਾਰੇ ਹੋ ਰਹੀ ਜਾਂਚ ਨਾਲ ਜੁੜੀ ਹੋਈ ਸੀ।
ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਪਹਿਲਾਂ ਭਾਰਤੀ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਮਗਰੋਂ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਵੀ ਤਲਾਸ਼ੀ ਲਈ ਗਈ। ਏਜੰਸੀ ਨੂੰ ਤਲਾਸ਼ੀ ਦੌਰਾਨ 86.5 ਗਰਾਮ ਗਾਂਜਾ ਬਰਾਮਦ ਹੋਇਆ ਹੈ। ਐੱਨ. ਸੀ. ਬੀ. ਨੇ ਕਿਹਾ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਲੈਣ ਬਾਰੇ ਮੰਨ ਲਿਆ ਹੈ। ਭਾਰਤੀ ਸਿੰਘ ਨੂੰ ਐਨ. ਡੀ. ਪੀ. ਐੱਸ. ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਐਨ. ਸੀ. ਬੀ. ਨੇ ਕਿਹਾ ਕਿ ਐਕਟ ਤਹਿਤ ਭਾਰਤੀ ਕੋਲੋਂ ਬਰਾਮਦ ਗਾਂਜਾ ‘ਕਾਫ਼ੀ ਘੱਟ ਹੈ’, ਇਹ ‘ਵਪਾਰਕ ਮਾਤਰਾ’ ਵਿਚ ਨਹੀਂ ਹੈ। ਹਜ਼ਾਰ ਗਰਾਮ ਤੱਕ ਬਰਾਮਦ ਗਾਂਜਾ ਘੱਟ ਮਾਤਰਾ ਵਿਚ ਮੰਨਿਆ ਜਾਂਦਾ ਹੈ। ਕਾਨੂੰਨ ਮੁਤਾਬਕ ਇਸ ਲਈ ਛੇ ਮਹੀਨੇ ਤੱਕ ਦੀ ਕੈਦ ਜਾਂ ਦਸ ਹਜ਼ਾਰ ਦਾ ਜੁਰਮਾਨਾ ਅਤੇ ਦੋਵੇਂ ਵੀ ਹੋ ਸਕਦੇ ਹਨ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦਾ ਨਾਂ ਪੁੱਛਗਿੱਛ ਦੌਰਾਨ ਡਰੱਗ ਤਸਕਰ ਨੇ ਲਿਆ ਸੀ। ਏਜੰਸੀ ਨੇ ਮੁੰਬਈ ਵਿਚ ਦੋ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਹੈ।
ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਏਜੰਸੀ ਵੱਲੋਂ ਫ਼ਿਲਮ ਜਗਤ ਵਿਚ ਨਸ਼ੇ ਦੀ ਸਪਲਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵਟਸਐਪ ਸੁਨੇਹਿਆਂ ਵਿਚ ਇਨ੍ਹਾਂ ਦਾ ਜ਼ਿਕਰ ਸੀ।