ਆਈਟੀਬੀਪੀ ਜਵਾਨ ਨੇ ਪੰਜ ਸਾਥੀਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ
ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਇਕ ਜਵਾਨ ਨੇ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ ਆਪਣੇ ਸਾਥੀ ਜਵਾਨਾਂ ਵੱਲ ਗੋਲੀਆਂ ਚਲਾ ਕੇ ਪੰਜ ਨੂੰ ਹਲਾਕ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦੋ ਜਣੇ ਜ਼ਖ਼ਮੀ ਵੀ ਹੋਏ ਹਨ। ਘਟਨਾ ਅੱਜ ਸਵੇਰੇ ਕਰੀਬ 8.30 ਵਜੇ ਆਈਟੀਬੀਪੀ ਦੇ 45ਵੀਂ ਬਟਾਲੀਅਨ ਦੇ ਕੈਂਪ ਵਿਚ ਵਾਪਰੀ। ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ. ਨੇ ਦੱਸਿਆ ਕਿ ਕਾਂਸਟੇਬਲ ਦੀ ਸ਼ਨਾਖ਼ਤ ਮਸੂਦੁੱਲ ਰਹਿਮਾਨ ਵਜੋਂ ਹੋਈ ਹੈ। ਉਸ ਨੇ ਆਪਣੇ ਸਰਵਿਸ ਹਥਿਆਰ ਵਿਚੋਂ ਫਾਇਰ ਕੀਤੇ ਤੇ ਚਾਰ ਨੂੰ ਮੌਕੇ ’ਤੇ ਹਲਾਕ ਕਰ ਦਿੱਤਾ ਜਦਕਿ ਤਿੰਨ ਹੋਰ ਫੱਟੜ ਕਰ ਦਿੱਤੇ। ਆਈਜੀ ਨੇ ਕਿਹਾ ਕਿ ਇਨ੍ਹਾਂ ਵਿਚਾਲੇ ਕਿਸ ਗੱਲ ਤੋਂ ਤਕਰਾਰ ਹੋਈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਆਈਟੀਬੀਪੀ ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ ਕਿ ਰਹਿਮਾਨ ਨੇ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਖ਼ੁਦ ਨੂੰ ਗੋਲੀ ਮਾਰ ਲਈ, ਉਹ (ਰਹਿਮਾਨ) ਕਿਸੇ ਹੋਰ ਦੀ ਗੋਲੀ ਨਾਲ ਨਹੀਂ ਮਰਿਆ। ਜ਼ਖ਼ਮੀਆਂ ਵਿਚੋਂ ਇਕ ਦੀ ਮਗਰੋਂ ਮੌਤ ਹੋ ਗਈ। ਜਦਕਿ ਬਸਤਰ ਰੇਂਜ ਦੇ ਆਈਜੀ ਦਾ ਕਹਿਣਾ ਹੈ ਕਿ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਹਿਮਾਨ ਨੇ ਖ਼ੁਦ ਨੂੰ ਗੋਲੀ ਮਾਰੀ ਜਾਂ ਉਸ ’ਤੇ ਕਿਸੇ ਹੋਰ ਨੇ ਗੋਲੀ ਚਲਾਈ। ਹਥਿਆਰਾਂ ਦੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗੇਗਾ। ਦੋ ਜ਼ਖ਼ਮੀ ਜਵਾਨਾਂ ਨੂੰ ਮਗਰੋਂ ਹਵਾਈ ਰਸਤੇ ਰਾਏਪੁਰ ਲਿਜਾਇਆ ਗਿਆ ਤੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਹੈੱਡ ਕਾਂਸਟੇਬਲ ਮਹੇਂਦਰ ਸਿੰਘ, ਦਲਜੀਤ ਸਿੰਘ ਤੇ ਕਾਂਸਟੇਬਲ ਸੁਰਜੀਤ ਸਰਕਾਰ, ਬਿਸਵਰੂਪ ਮਾਹਤੋ ਤੇ ਬਿਜੀਸ਼ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ ਕਾਂਸਟੇਬਲ ਐੱਸ.ਬੀ. ਉੱਲਾਸ ਤੇ ਸੀਤਾਰਾਮ ਦੂਨ ਸ਼ਾਮਲ ਹਨ। ਸਾਰੇ 45ਵੀਂ ਬਟਾਲੀਅਨ ਦੇ ਹੀ ਜਵਾਨ ਸਨ।