ਆਈਪੀਐੱਲ ਨਿਲਾਮੀ: ਆਸਟਰੇਲਿਆਈ ਖਿਡਾਰੀਆਂ ਦੀ ਬੱਲੇ-ਬੱਲੇ

ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਲਈ ਹੋਈ ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ’ਤੇ ਵਿਕਣ ਵਾਲੇ ਵਿਦੇਸ਼ੀ ਖਿਡਾਰੀ ਬਣਿਆ। ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ 15.50 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ ਨਾਲ ਜੋੜਿਆ।
ਕਮਿਨਜ਼ ਨੂੰ ਟੀਮ ਨਾਲ ਜੋੜਨ ਲਈ ਦਿੱਲੀ ਕੈਪੀਟਲਜ਼ ਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਉਸ ਦੀ ਬੋਲੀ ਪ੍ਰਕਿਰਿਆ ’ਚ ਸ਼ਾਮਲ ਹੋਣ ਤੋਂ ਬਾਅਦ ਕੇਕੇਆਰ ਨੇ ਸਭ ਤੋਂ ਵੱਧ 15.50 ਕਰੋੜ ਰੁਪਏ ਦੀ ਬੋਲੀ ਲਗਾਈ। ਕਮਿਨਜ਼ ਨੇ ਆਈਪੀਐੱਲ ਦੇ 25 ਮੈਚਾਂ ’ਚ ਹੁਣ ਤੱਕ 32 ਵਿਕਟਾਂ ਲਈਆਂ ਹਨ ਜਿੱਥੇ ਉਸ ਨੇ ਪ੍ਰਤੀ ਓਵਰ ਲਗਪਗ ਛੇ ਦੌੜਾਂ ਦਿੱਤੀਆਂ ਸਨ। ਕਮਿਨਜ਼ ਨੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਦੇ ਮਾਮਲੇ ’ਚ ਬੈਨ ਸਟੋਕਸ ਦਾ ਰਿਕਾਰਡ ਤੋੜ ਦਿੱਤਾ ਜਿਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 2017 ਵਿੱਚ 14.5 ਕਰੋੜ ਰੁਪਏ ਵਿੱਚ ਖਰੀਦਦਿਆ ਸੀ। ਨਿਲਾਮੀ ’ਚ ਆਸਟਰੇਲਿਆਈ ਖਿਡਾਰੀਆਂ ਦਾ ਦਬਦਬਾ ਰਿਹਾ। ਆਪਣੀ ਹਮਲਾਵਰ ਬੱਲੇਬਾਜ਼ੀ ਲਈ ਮਸ਼ਹੂਰ ਗਲੈੱਨ ਮੈਕਸਵੈੱਲ ਲਈ ਦਿੱਲੀ ਕੈਪੀਟਲਜ਼ ਤੇ ਕਿੰਗਜ਼ ਇਲੈਵਨ ਪੰਜਾਬ ਨੇ ਖਾਸੀ ਦਿਲਚਸਪੀ ਦਿਖਾਈ। ਪੰਜਾਬ ਦੀ ਟੀਮ 10.75 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ ’ਚ ਸ਼ਾਮਲ ਕਰਨ ’ਚ ਸਫ਼ਲ ਰਹੀ। ਕਿੰਗਜ਼ ਇਲੈਵਨ ਪੰਜਾਬ ਇਸ ਆਈਪੀਐੱਲ ’ਚ ਨਿਲਾਮੀ ’ਚ 42.70 ਕਰੋੜ ਰੁਪਏ ਦੀ ਸਭ ਤੋਂ ਵੱਧ ਰਾਸ਼ੀ ਨਾਲ ਸ਼ਾਮਲ ਹੋਈ ਹੈ। ਟੀਮ ਦਾ ਕਪਤਾਨ ਕੇ.ਐੱਲ. ਰਾਹੁਲ ਨੂੰ ਨਿਯੁਕਤ ਕੀਤਾ ਗਿਆ ਹੈ।
ਮੈਕਸਵੈੱਲ ਤੇ ਕਮਿਨਜ਼ ਦੋਹਾਂ ਨੇ ਆਈਪੀਐੱਲ ਦੇ ਪਿਛਲੇ ਸੈਸ਼ਨ ਤੋਂ ਨਾਮ ਵਾਪਸ ਲੈ ਲਿਆ ਸੀ। ਇਸ ਨਿਲਾਮੀ ’ਚ ਵੱਡੀ ਰਕਮ ਪਾਉਣ ਵਾਲਿਆਂ ’ਚ ਦੱਖਣੀ ਅਫ਼ਰੀਕਾ ਦਾ ਕ੍ਰਿਸ ਮੌਰਿਸ ਵੀ ਸ਼ਾਮਲ ਹੈ ਜਿਸ ਲਈ ਰਾਇਲ ਚੈਲੰਜਰਜ਼ ਬੰਗਲੌਰ ਨੇ 10 ਕਰੋੜ ਰੁਪਏ ਦੀ ਬੋਲੀ ਲਗਾਈ। ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ ਸੈਲਡਨ ਕੌਟਰੈੱਲ ਦੀ ਮੂਲ ਕੀਮਤ 50 ਲੱਖ ਰੁਪਏ ਸੀ ਪਰ ਕਿੰਗਜ਼ ਇਲੈਵਨ ਪੰਜਾਬ ਨੇ ਉਸ ਲਈ ਦਿਲ ਖੋਲ੍ਹ ਕੇ ਖਰਚ ਕੀਤਾ ਅਤੇ 8.50 ਕਰੋੜ ਰੁਪਏ ਵਿੱਚ ਟੀਮ ਨਾਲ ਜੋੜਿਆ। ਵੈਸਟ ਇੰਡੀਜ਼ ਦੇ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ ਨੂੰ ਦਿੱਲੀ ਕੈਪੀਟਲਜ਼ ਨੇ 7.75 ਕਰੋੜ ਰੁਪਏ ’ਚ ਖਰੀਦਿਆ।