ਆਈਪੀਐੱਲ: ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਪਹਿਲੀ ਜਿੱਤ ਦਰਜ
ਖਲੀਲ ਅਹਿਮਦ ਤੇ ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮੈਨ ਆਫ ਦਿ ਮੈਚ ਜੋਨੀ ਬੇਅਰਸਟਾਅ ਦੀ ਨਾਬਾਦ 63 ਦੌੜਾਂ ਦੀ ਪਾਰੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਦੇ ਅੱਜ ਇੱਥੇ ਖੇਡੇ ਗਏ ਮੈਚ ’ਚ ਕਿੰਗਜ਼ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾ ਕੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪੰਜਾਬ ਦੀ ਪਾਰੀ 19.4 ਓਵਰਾਂ ’ਚ 120 ਦੌੜਾਂ ’ਤੇ ਸਮੇਟ ਦਿੱਤੀ। ਬੱਲੇਬਾਜ਼ੀ ਦੌਰਾਨ ਹੈਦਰਾਬਾਦ ਨੇ 18.4 ਓਵਰਾਂ ’ਚ ਇੱਕ ਵਿਕਟ ਗੁਆ ਕੇ 121 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਚਾਰ ਮੈਚਾਂ ’ਚ ਹੈਦਰਾਬਾਦ ਦੀ ਇਹ ਪਹਿਲੀ ਜਿੱਤ ਹੈ। ਹੈਦਰਾਬਾਦ ਵੱਲੋਂ ਖਲੀਲ ਨੇ ਚਾਰ ਓਵਰਾਂ ’ਚ 21 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਅਭਿਸ਼ੇਕ ਨੇ ਦੋ ਤੇ ਰਾਸ਼ਿਦ ਖਾਨ ਨੇ 1 ਵਿਕਟ ਹਾਸਲ ਕੀਤੀ। ਬੱਲੇਬਾਜ਼ੀ ਦੌਰਾਨ ਹੈਦਰਾਬਾਦ ਵੱਲੋਂ ਬੇਅਰਸਟਾਅ ਤੋਂ ਇਲਾਵਾ ਕਪਤਾਨ ਡੇਵਿਡ ਵਾਰਨਰ ਨੇ 37 ਤੇ ਕੇਨ ਵਿਲੀਅਮਸਨ ਨੇ ਨਾਬਾਦ 16 ਦੌੜਾਂ ਬਣਾਈਆਂ। ਪੰਜਾਬ ਵੱਲੋਂ ਮਯੰਕ ਅਗਰਵਾਲ ਤੇ ਸ਼ਾਹਰੁਖ ਖਾਨ ਨੇ 22-22 ਤੇ ਕ੍ਰਿਸ ਗੇਲ ਨੇ 15 ਦੌੜਾਂ ਬਣਾਈਆਂ।