ਆਈਸੀਪੀ ’ਤੇ ਫਸਿਆ ਮਾਲ ਵਪਾਰੀਆਂ ਨੂੰ ਮਿਲਿਆ

ਆਈਸੀਪੀ ’ਤੇ ਫਸਿਆ ਮਾਲ ਵਪਾਰੀਆਂ ਨੂੰ ਮਿਲਿਆ

ਅੰਮ੍ਰਿਤਸਰ-ਪਾਕਿਸਤਾਨ ਨਾਲ ਵਪਾਰ ਕਰਨ ਵਾਲੇ ਭਾਰਤੀ ਵਪਾਰੀਆਂ ਨੂੰ ਉਸ ਵੇਲੇ ਰਾਹਤ ਮਿਲੀ ਜਦੋਂ ਅਟਾਰੀ ਆਈਸੀਪੀ ਦੇ ਪ੍ਰਬੰਧਕਾਂ ਨੇ 16 ਫਰਵਰੀ ਨੂੰ ਸਰਹੱਦ ਪਾਰੋਂ ਆਇਆ ਮਾਲ ਆਮ ਟੈਕਸ ਦਰਾਂ ਨਾਲ ਵਪਾਰੀਆਂ ਨੂੰ ਸੌਂਪ ਦਿੱਤਾ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਦਰਾਮਦ ’ਤੇ 200 ਫ਼ੀਸਦ ਕਸਟਮ ਡਿਊਟੀ ਲਾ ਦਿੱਤੀ ਸੀ। ਇਸ ਕਾਰਨ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਮਾਲ ਆਈਸੀਪੀ ’ਤੇ ਰੁਕਿਆ ਹੋਇਆ ਸੀ। ਵਪਾਰੀਆਂ ਦੀ ਦਲੀਲ ਸੀ ਕਿ ਪਾਕਿਸਤਾਨੀ ਮਾਲ ਸਰਕਾਰ ਦੇ ਨਵੇਂ ਆਦੇਸ਼ਾਂ ਤੋਂ ਪਹਿਲਾਂ ਦੇਸ਼ ਵਿਚ ਆ ਚੁੱਕਾ ਸੀ ਅਤੇ ਉਹ ਇਸ ਦੀ ਬਣਦੀ ਕਸਟਮ ਡਿਊਟੀ ਦਾ ਵੀ ਭੁਗਤਾਨ ਕਰ ਚੁੱਕੇ ਸਨ। ਵਪਾਰੀਆਂ ਵਲੋਂ ਇਸ ਮਾਮਲੇ ਵਿਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਅਤੇ ਅਦਾਲਤ ਨੇ ਵਪਾਰੀਆਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਸੀ।
ਵਪਾਰੀਆਂ ਮੁਤਾਬਕ ਭਾਰਤ ਸਰਕਾਰ ਵਲੋਂ ਟੈਕਸ ਡਿਊਟੀ ਵਿਚ ਵਾਧਾ ਕੀਤੇ ਜਾਣ ਕਾਰਨ ਸੀਮਿੰਟ ਦੀਆਂ ਲਗਭਗ 90 ਹਜ਼ਾਰ ਬੋਰੀਆਂ, ਛੁਹਾਰੇ ਦੀਆਂ ਛੇ ਹਜ਼ਾਰ ਬੋਰੀਆਂ, 500 ਮੀਟਰਕ ਟਨ ਜਿਪਸਮ ਅਤੇ ਹੋਰ ਰਸਾਇਣ ਸਮੇਤ ਮਾਲ ਆਈਸੀਪੀ ’ਤੇ ਪਿਆ ਸੀ। ਆਲ ਇੰਡੀਆ ਡਰਾਈਡੇਟਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਅਦਾਲਤ ਦੇ ਆਦੇਸ਼ਾਂ ਮਗਰੋਂ ਆਈਸੀਪੀ ਦੇ ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਵਿਚ ਵਪਾਰੀਆਂ ਦਾ ਮਾਲ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵਲੋਂ ਛੁਹਾਰੇ ਦੇ ਇਕ ਟਰੱਕ ’ਤੇ 7 ਲੱਖ ਰੁਪਏ ਡਿਊਟੀ ਲਾਈ ਜਾ ਰਹੀ ਸੀ ਜਦੋਂਕਿ ਹੁਣ ਅਦਾਲਤੀ ਆਦੇਸ਼ਾਂ ਮਗਰੋਂ ਸਿਰਫ 10 ਹਜ਼ਾਰ ਰੁਪਏ ਡਿਊਟੀ ਦਾ ਭੁਗਤਾਨ ਕੀਤਾ ਗਿਆ ਹੈ। ਉਂਜ ਸੀਮਿੰਟ ਵਪਾਰੀਆਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ ਕਿਉਂਕਿ ਪਿਛਲੇ ਸੱਤ ਮਹੀਨੇ ਤੋਂ ਆਈਸੀਪੀ ’ਤੇ ਰੱਖੀਆਂ ਗਈਆਂ ਸੀਮਿੰਟ ਦੀਆਂ ਲਗਭਗ 90 ਹਜ਼ਾਰ ਬੋਰੀਆਂ ਵਿਚੋਂ ਵਧੇਰੇ ਵਿਚ ਸੀਮਿੰਟ ਜੰਮ ਗਿਆ ਹੈ। ਸੀਮਿੰਟ ਦੇ ਵਪਾਰੀ ਐੱਮ ਪੀ ਐੱਸ ਚੱਠਾ ਨੇ ਆਖਿਆ ਕਿ ਦੋ ਮਹੀਨੇ ਮਗਰੋਂ ਬੋਰੀ ਵਿਚ ਪਏ ਸੀਮਿੰਟ ਦੀ ਤਾਕਤ ਵਿਚ ਕਮੀ ਆ ਜਾਂਦੀ ਹੈ। ਇਸ ਦੇ ਬਾਵਜੂਦ ਉਨ੍ਹਾਂ ਆਈਸੀਪੀ ਤੋਂ ਆਪਣੀਆਂ ਸੀਮਿੰਟ ਦੀਆਂ ਲਗਭਗ 1600 ਬੋਰੀਆਂ ਟੈਕਸ ਦੀ ਆਮ ਦਰ ਦੇ ਭੁਗਤਾਨ ਨਾਲ ਚੁੱਕ ਲਈਆਂ ਹਨ। ਉਨ੍ਹਾਂ ਖੁਲਾਸਾ ਕੀਤਾ ਕਿ 75 ਫ਼ੀਸਦ ਬੋਰੀਆਂ ਵਿਚ ਸੀਮਿੰਟ ਨੂੰ ਨੁਕਸਾਨ ਪੁੱਜਾ ਹੈ। ਵਪਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਆਖਿਆ ਕਿ ਇਹ ਆਰਜ਼ੀ ਰਾਹਤ ਹੈ ਅਤੇ ਵਪਾਰੀਆਂ ਨੂੰ ਸਰਕਾਰ ਦੇ ਫ਼ੈਸਲੇ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਹੈ।

Radio Mirchi