ਆਕਾਂਸ਼ ਸੇਨ ਕਤਲ ਕੇਸ ’ਚ ਦੋਸ਼ੀ ਨੂੰ ਉਮਰ-ਕੈਦ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਂਸ਼ ਸੇਨ ਦੇ ਕਤਲ ਕੇਸ ਵਿਚ ਅੱਜ ਅਦਾਲਤ ਨੇ ਹਰਮਹਿਤਾਬ ਸਿੰਘ ਨੂੰ ਉਮਰ-ਕੈਦ (ਮੌਤ ਤੱਕ) ਦੀ ਸਜ਼ਾ ਸੁਣਾਈ ਹੈ। ਉਸ ਨੂੰ ਤਿੰਨ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਫ਼ੈਸਲਾ ਵਧੀਕ ਸੈਸ਼ਨ ਜੱਜ ਰਾਜੀਵ ਗੋਇਲ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲੀਸ ਵੱਲੋਂ ਫਰਵਰੀ 2017 ’ਚ ਹਰਮਹਿਤਾਬ ਸਿੰਘ ਅਤੇ ਬਲਰਾਜ ਸਿੰਘ ਰੰਧਾਵਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 9 ਫਰਵਰੀ 2017 ਦੀ ਰਾਤ ਸੈਕਟਰ-9 ਵਾਸੀ ਆਕਾਂਸ਼ ਸੇਨ ਦੇ ਦੋਸਤ ਦੀਪ ਸਿੱਧੂ ਵੱਲੋਂ ਘਰ ’ਚ ਪਾਰਟੀ ਰੱਖੀ ਗਈ ਸੀ। ਉੱਥੇ ਬਲਰਾਜ ਤੇ ਹਰਮਹਿਤਾਬ ਵੀ ਮਹਿਮਾਨ ਸਨ। ਪਾਰਟੀ ਦੌਰਾਨ ਨੌਜਵਾਨਾਂ ’ਚ ਝਗੜਾ ਹੋ ਗਿਆ। ਜ਼ਖ਼ਮੀ ਹਾਲਤ ਵਿਚ ਆਕਾਂਸ਼ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ ਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਰੰਧਾਵਾ ਹਾਲੇ ਤੱਕ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ ਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਕ ਮੁਦਈ ਧਿਰ ਵੱਲੋਂ ਕੇਸ ਦੀ ਸੁਣਵਾਈ ਦੌਰਾਨ ਘਟਨਾ ਵਾਲੀ ਥਾਂ ’ਤੇ ਹਾਜ਼ਰ ਤਿੰਨਾਂ ਨੌਜਵਾਨਾਂ ਸਮੇਤ 33 ਗਵਾਹਾਂ ਦੀ ਗਵਾਹੀ ਕਰਵਾਈ ਗਈ ਅਤੇ ਪੋਸਟਮਾਰਟਮ ਦੀ ਰਿਪੋਰਟ ’ਚ ਆਕਾਂਸ਼ ਸੇਨ ਦੀ ਮੌਤ ਦੇ ਕਾਰਨਾਂ ਬਾਰੇ ਦੱਸਿਆ ਗਿਆ। ਇਸ ਦਾ ਬਚਾਅ ਪੱਖ ਦੇ ਵਕੀਲਾਂ ਨੇ ਵਿਰੋਧ ਕੀਤਾ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹ ਫ਼ੈਸਲੇ ਖ਼ਿਲਾਫ਼ ਹਾਈਕੋਰਟ ’ਚ ਅਪੀਲ ਕਰਨਗੇ।