ਆਤਮਨਿਰਭਰ ਭਾਰਤ ਸਮੇਂ ਦੀ ਲੋੜ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਇਆ ਤੇ ਮੁਲਕਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਰਾਜ ਘਾਟ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਮੋਦੀ ਨੇ ਐਨਡੀਏ-2 ਦੇ ਕਾਰਜਕਾਲ ਦੌਰਾਨ ਦੂਜੀ ਵਾਰ ਲਾਲ ਕਿਲੇ ਤੋਂ ਕੌਮੀ ਝੰਡਾ ਲਹਿਰਾਇਆ ਹੈ।ਕੌਮੀ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਹੁਣ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਵਿੱਚ ਨਿਰਮਾਣ ਵਧਾਉਣ ਤੇ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਅੱਗੇ ਵਧਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ, ‘ਹੁਣ ਆਤਮ ਨਿਰਭਰ ਭਾਰਤ ਦੀ ਲੋੜ ਹੈ। ਮੈਨੂੰ ਭਰੋਸਾ ਹੈ ਕਿ ਭਾਰਤ ਆਪਣਾ ਇਹ ਸੁਫ਼ਨਾ ਪੂਰਾ ਕਰੇਗਾ। ਮੈਨੂੰ ਭਾਰਤੀਆਂ ਦੀ ਯੋਗਤਾ, ਵਿਸ਼ਵਾਸ ਤੇ ਕਾਰਗੁਜ਼ਾਰੀ ’ਤੇ ਪੂਰਾ ਭਰੋਸਾ ਹੈ। ਅਸੀਂ ਜਦੋਂ ਇੱਕ ਵਾਰ ਸੋਚ ਲੈਂਦੇ ਹਾਂ ਤਾਂ ਉਦੋਂ ਤੱਕ ਆਰਾਮ ਨਹੀਂ ਕਰਦੇ ਜਦੋਂ ਤੱਕ ਮੰਜ਼ਿਲ ਤੱਕ ਨਾ ਪਹੁੰਚ ਜਾਈਏ।’ ‘ਵੋਕਲ ਫਾਰ ਲੋਕਲ’ ਮੁਹਿੰਮ ’ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਖੀਰ ਅਸੀਂ ਕਦੋਂ ਤੱਕ ਹੋਰਨਾਂ ਮੁਲਕਾਂ ਨੂੰ ਆਪਣਾ ਕੱਚਾ ਮਾਲ ਦੇ ਕੇ ਉਨ੍ਹਾਂ ਤੋਂ ਬਣੀਆਂ ਬਣਾਈਆਂ ਵਸਤਾਂ ਲੈਂਦੇ ਰਹਾਂਗੇ।’ ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦਾ ਸੁਫ਼ਨਾ ਪੂਰਾ ਕਰਨ ਲਈ ਏਕੀਕ੍ਰਿਤ ਢਾਂਚੇ ਦੀ ਲੋੜ ਹੈ। ਇਸ ਲਈ ਇਸ ਲਈ ਉਨ੍ਹਾਂ ਕੋਲ ਵੱਡੀ ਯੋਜਨਾ ਹੈ ਜਿਸ ਤਹਿਤ ਸਾਰੇ ਦੇਸ਼ ਨੂੰ ਇੱਕ ਢਾਂਚੇ ਅਧੀਨ ਲਿਆਂਦਾ ਜਾਵੇਗਾ ਅਤੇ ਇਸ ਯੋਜਨਾ ਤਹਿਤ 7000 ਕੌਮੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਤੇ ਸਰਕਾਰ ਵੱਲੋਂ 100 ਲੱਖ ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ, ‘ਸੱਤ ਹਜ਼ਾਰ ਪ੍ਰਾਜੈਕਟਾਂ ਲਈ ਵੱਖ ਵੱਖ ਸੈਕਟਰਾਂ ਦੀ ਪਛਾਣ ਕੀਤੀ ਗਈ ਹੈ। ਇਹ ਬੁਨਿਆਦੀ ਢਾਂਚੇ ’ਚ ਇੱਕ ਕ੍ਰਾਂਤੀ ਦੀ ਤਰ੍ਹਾਂ ਹੋਵੇਗਾ। ਦੇਸ਼ ਇਨ੍ਹਾਂ ਪ੍ਰਾਜੈਕਟਾਂ ’ਤੇ ਸੌ ਲੱਖ ਕਰੋੜ ਰੁਪਏ ਤੋਂ ਵੱਧ ਦੇ ਫੰਡ ਖਰਚ ਕਰਨ ਜਾ ਰਿਹਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕਰੋਨਾ ਵਾਇਰਸ ਦੀਆਂ ਤਿੰਨ ਵੈਕਸੀਨ ਟੈਸਟਿੰਗ ਦੇ ਗੇੜ ’ਚ ਹਨ ਅਤੇ ਜਿਵੇਂ ਹੀ ਵਿਗਿਆਨੀਆਂ ਵੱਲੋਂ ਹਰੀ ਝੰਡੀ ਮਿਲ ਜਾਂਦੀ ਹੈ, ਇਸ ਉਤਪਾਦਨ ਸ਼ੁਰੂ ਕਰ ਦਿੱਤਾ ਜਾਵੇਗਾ।