ਆਰਥਿਕ ਪੈਕੇਜ: ਖੋਦਿਆ ਪਹਾੜ ਨਿਕਲਿਆ ਚੂਹਾ: ਕਾਂਗਰਸ
ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਆਰਥਿਕ ਪੈਕੇਜ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਪੈਕਜ ਸਿਰਫ 3.22 ਲੱਖ ਕਰੋੜ ਰੁਪਏ ਦਾ ਹੈ ਅਤੇ ਇਹ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਸਿਰਫ 1.6 ਫੀਸਦ ਹੈ, ਜਦ ਕਿ ਪ੍ਰਧਾਨ ਮੰਤਰੀ ਨੇ 20 ਲੱਖ ਕਰੋੜ ਰੁਪਏ ਪੈਕੇਜ ਦੀ ਗੱਲ ਕੀਤੀ ਸੀ। ਕਾਂਗਰਸ ਦੇ ਨੇਤਾ ਆਨੰਦ ਸ਼ਰਮਾ ਨੇ ਕਿਹਾ,‘ ਮੈਂ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਜੋ ਮੈਂ ਕਿਹਾ ਹੈ ਉਹ ਉਸ ਨੂੰ ਨਕਾਰ ਦੇਣ। ਮੈਂ ਇਸ ਮਾਮਲੇ ’ਤੇ ਬਹਿਸ ਲਈ ਤਿਆਰ ਹਾਂ।’ ਵਿੱਤ ਮੰਤਰੀ ਵੱਲੋਂ ਕਾਂਗਰਸ ਦੀ ਕੀਤੀ ਆਲੋਚਨਾ ਬਾਰੇ ਸ੍ਰੀ ਸ਼ਰਮਾ ਨੇ ਕਿਹਾ,‘ ਅਸੀਂ ਦੇਸ਼ ਦੀ ਵਿੱਤ ਮੰਤਰੀ ਤੋਂ ਅਜਿਹੀ ਉਮੀਦ ਨਹੀਂ ਸੀ ਕਰਦੇ। ਉਸ ਜਿਸ ਅਹੁਦੇ ’ਤੇ ਹਨ ਉਸ ਦੀ ਮਰਿਆਦਾ ਰੱਖਣ ਤੇ ਬੇਕਾਰ ਗੱਲਾਂ ਨਾ ਕਰਨ।’ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਨਾ ਕਿ ਸਵਾਲ ਕਰਨੇ ਚਾਹੀਦੇ ਹਨ।ਸਰਕਾਰੀ ਨਾਕਾਮੀਆਂ ਦੀ ਸਜ਼ਾ ਪਰਵਾਸੀ ਮਜ਼ਦੂਰ ਭੁਗਤ ਰਹੇ ਹਨ ਤੇ ਸਰਕਾਰ ਇਸ ਬਾਰੇ ਜੁਆਬ ਦੇਵੇ ਨਾ ਕਿ ਕਾਂਗਰਸ ਦੀ ਆਲੋਚਨਾ ਕਰਕੇ ਬੁੱਤਾ ਸਾਰੇ। ਸਰਕਾਰ ਨੂੰ ਅਜਿਹੇ ਵਿਸਾਰੇ ਗਏ ਲੋਕ, ਜਿਨ੍ਹਾਂ ਦੇ ਬੁਨਿਆਦੀ ਤੇ ਕਾਨੂੰਨੀ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ, ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਰਥਿਕ ਪੈਕੇਜ ਬਾਰੇ ਦੇਸ਼ ਵਾਸੀਆਂ ਨੂੰ ਚਾਰਿਆ ਹੈ। ਪ੍ਰਧਾਨ ਮੰਤਰੀ ਇਸ ਬਾਰੇ ਗੱਲ ਕਰਨ।