ਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਮੈਲਬਰਨ-ਆਸਟਰੇਲੀਅਨ ਸੰਸਦ ਵਿਚ ਕੌਮੀ ਸੰਸਥਾ ‘ਆਸਟਰੇਲੀਅਨ ਸਿੱਖ ਕੌਂਸਲ’ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਅੱਜ ਪਹਿਲੀ ਵਾਰ ਆਸਟਰੇਲੀਅਨ ਸੰਸਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਰਵਾਇਤੀ ਸਾਜ਼ਾਂ ਨਾਲ ਕੀਰਤਨ ਹੋਇਆ। ਪਹਿਲੀ ਵਾਰ ਸਿੱਖਾਂ ਨੂੰ ਕਿਰਪਾਨ ਸਮੇਤ ਸੰਸਦ ਵਿਚ ਜਾਣ ਦੀ ਪ੍ਰਵਾਨਗੀ ਮਿਲੀ।
ਇਸ ਮੌਕੇ ਪ੍ਰਧਾਨ ਮੰਤਰੀ ਦੇ ਸਹਾਇਕ ਬੈਨ ਮੌਰਟਨ, ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਐਂਥਨੀ ਐਲਬਨੀਜ਼, ਗਰੀਨਜ਼ ਪਾਰਟੀ ਦੇ ਮੌਜੂਦਾ ਮੁਖੀ ਐਡਮ ਬੈਂਟ, ਉੱਤਰੀ ਆਸਟਰੇਲੀਆ ਤੋਂ ਸਿੱਖ ਮਸਲਿਆਂ ’ਤੇ ਆਵਾਜ਼ ਬੁਲੰਦ ਕਰਦੇ ਰਹੇ ਸੰਸਦ ਮੈਂਬਰ ਵਾਰੇਨ ਇੰਚ, ਸਿਆਸੀ ਆਗੂ ਬੌਬ ਕੈਟਰ, ਤਾਨੀਆ ਪਿਲਬਿਸ ਨੇ ਸਿੱਖਾਂ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ ਅਤੇ ਭਾਈਚਾਰੇ ਦੇ ਆਸਟਰੇਲੀਆ ਦੇ ਬਹੁਕੌਮੀ ਸਮਾਜ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। 40 ਮੈਂਬਰ ਪਾਰਲੀਮੈਂਟ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਮੁਲਕ ਦੇ ਪ੍ਰਮੁੱਖ ਸ਼ਹਿਰਾਂ ਤੇ ਕਸਬਿਆਂ ਤੋਂ ਸਿੱਖ ਨੁਮਾਇੰਦੇ ਵੀ ਹਾਜ਼ਰ ਸਨ।
ਇਸ ਮੌਕੇ ਸਿੱਖ ਰਿਸਰਚ ਇੰਟੀਚਿਊਟ ਅਮਰੀਕਾ ਤੋਂ ਪੁੱਜੇ ਹਰਿੰਦਰ ਸਿੰਘ ਖਾਲਸਾ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਆਸਟਰੇਲੀਅਨ ਸਿਆਸਤ ਵਿਚ ਸੱਜੇ ਪੱਖੀ ਵਿਚਾਰਧਾਰਾ ਦੇ ਵਧੇ ਪ੍ਰਭਾਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਮਨੁੱਖਤਾ ਪੱਖੀ ਸ਼ਾਸਨ ਪ੍ਰਬੰਧ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਤੋਂ ਗਰੀਨਜ਼ ਪਾਰਟੀ ਦੇ ਨੌਜਵਾਨ ਆਗੂ ਹਰਕੀਰਤ ਸਿੰਘ ਅਜਨੋਹਾ ਨੇ ਸਮਾਗਮ ‘ਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

Radio Mirchi