ਆਸਟਰੇਲੀਅਨ ਓਪਨ: ਚੈਂਪੀਅਨ ਬਣੀ ਕੇਨਿਨ
ਪਹਿਲੀ ਵਾਰ ਗਰੈਂਡ ਸਲੈਮ ਦੇ ਫਾਈਨਲ ਵਿੱਚ ਖੇਡੀ ਅਮਰੀਕਾ ਦੀ ਸੋਫੀਆ ਕੇਨਿਨ ਨੇ ਸਪੇਨ ਦੀ ਗਾਰਬਾਈਨ ਮੁਗੁਰੂਜ਼ਾ ਨੂੰ ਹਰਾ ਕੇ ਆਸਟਰੇਲੀਅਨ ਓਪਨ ਮਹਿਲਾ ਸਿੰਗਲਜ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। 21 ਸਾਲ ਦੀ ਕੇਨਿਨ ਨੇ ਇੱਕ ਸੈੱਟ ਨਾਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਦੋ ਘੰਟੇ ਤੱਕ ਚੱਲੇ ਮੈਚ ਵਿੱਚ 4-6, 6-2, 6-2 ਨਾਲ ਜਿੱਤ ਦਰਜ ਕੀਤੀ। ਸਪੈਨਿਸ਼ ਖਿਡਾਰਨ ਮੁਗੁਰੂਜ਼ਾ ਦੋ ਵਾਰ ਗਰੈਂਡ ਸਲੈਮ ਚੈਂਪੀਅਨ ਰਹਿ ਚੁੱਕੀ ਹੈ।
ਕੇਨਿਨ ਪਿਛਲੇ 12 ਸਾਲ ਵਿੱਚ ਇੱਥੇ ਸਭ ਤੋਂ ਛੋਟੀ ਉਮਰ ਦੀ ਚੈਂਪੀਅਨ ਬਣੀ ਹੈ। ਮਾਰੀਆ ਸ਼ਾਰਾਪੋਵਾ ਨੇ ਸਾਲ 2008 ਵਿੱਚ 20 ਸਾਲ ਦੀ ਉਮਰ ਵਿੱਚ ਖ਼ਿਤਾਬ ਜਿੱਤਿਆ ਸੀ। ਕੇਨਿਨ ਇਸ ਸਮੇਂ 21 ਸਾਲ 80 ਦਿਨ ਦੀ ਹੈ। ਜਾਪਾਨ ਦੀ ਨਾਓਮੀ ਓਸਾਕਾ ਉਸ ਤੋਂ 22 ਦਿਨ ਵੱਡੀ ਸੀ, ਜਦੋਂ ਉਸ ਨੇ ਬੀਤੇ ਸਾਲ ਖ਼ਿਤਾਬ ਜਿੱਤਿਆ ਸੀ। 14ਵਾਂ ਦਰਜਾ ਪ੍ਰਾਪਤ ਕੇਨਿਨ ਹੁਣ ਵਿਸ਼ਵ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਉਹ ਸੇਰੇਨਾ ਵਿਲੀਅਮਜ਼ ਨੂੰ ਪਛਾੜ ਕੇ ਅਮਰੀਕਾ ਦੀ ਅੱਵਲ ਨੰਬਰ ਖਿਡਾਰਨ ਵੀ ਬਣ ਜਾਵੇਗੀ। ਜਿੱਤ ਮਗਰੋਂ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੀ ਅਤੇ ਸਿੱਧੀ ਆਪਣੇ ਪਿਤਾ ਅਲੈਗਜ਼ੈਂਡਰ ਕੋਲ ਪਹੁੰਚੀ, ਜੋ ਉਸ ਦਾ ਕੋਚ ਵੀ ਹੈ।
ਸੈਮੀਫਾਈਨਲ ਵਿੱਚ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਐਸ਼ਲੇ ਬਾਰਟੀ ਨੂੰ ਹਰਾਉਣ ਵਾਲੀ ਕੇਨਿਨ ਨੇ ਕਿਹਾ, ‘‘ਮੇਰਾ ਸੁਫ਼ਨਾ ਆਖ਼ਿਰਕਾਰ ਸੱਚ ਹੋਇਆ। ਮੈਂ ਇਸ ਅਹਿਸਾਸ ਨੂੰ ਬਿਆਨ ਨਹੀਂ ਕਰ ਸਕਦੀ। ਸੁਫ਼ਨੇ ਵੀ ਸੱਚ ਹੁੰਦੇ ਹਨ। ਜੇਕਰ ਤੁਸੀਂ ਸੁਫ਼ਨੇ ਵੇਖਦੇ ਹੋ ਤਾਂ ਉਨ੍ਹਾਂ ਨੂੰ ਪੂਰਾ ਕਰਨ ਲਈ ਕਮਰ ਕੱਸ ਲਵੋ।’’ ਕੇਨਿਨ ਨੇ ਆਪਣੇ ਆਸਟਰੇਲੀਅਨ ਖ਼ਿਤਾਬ ਜਿੱਤਣ ਦੇ ਸਫ਼ਰ ਦੌਰਾਨ ਟੈਨਿਸ ’ਚ ਧਮਾਲ ਮਚਾਉਣ ਵਾਲੀ 15 ਸਾਲ ਦੀ ਕੋਕੋ ਗੌਫ ਨੂੰ ਵੀ ਹਰਾਇਆ ਸੀ।