ਇਮਰਾਨ ਨੂੰ ਅਯੋਗ ਠਹਿਰਾਉਣ ਸਬੰਧੀ ਪਟੀਸ਼ਨ ਦਾਖ਼ਲ
ਇਥੋਂ ਦੀ ਇਕ ਅਦਾਲਤ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖ਼ਿਲਾਫ਼ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਉਸ ਨੂੰ ਅਯੋਗ ਠਹਿਰਾਇਆ ਜਾਵੇ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਮਰਾਨ ਖ਼ਾਨ ਨੇ ਆਪਣੇ ਸਿਆਸੀ ਵਿਰੋਧੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਇਲਾਜ ਲਈ ਲੰਦਨ ਰਵਾਨਾ ਹੋਣ ਸਮੇਂ ‘ਨਿਆਂਪਾਲਿਕਾ’ ਵਿਰੁੱਧ ਟਿੱਪਣੀ ਕੀਤੀ ਸੀ। ਇਹ ਪਟੀਸ਼ਨ ਪਾਕਿਸਤਾਨੀ ਨਾਗਰਿਕ ਤਾਹਿਰ ਮਸੂਦ ਨੇ ਲਾਹੌਰ ਹਾਈ ਕੋਰਟ ਵਿੱਚ ਸ਼ਨਿਚਰਵਾਰ ਨੂੰ ਦਾਖਲ ਕੀਤੀ। ਉਸ ਨੇ ਪਟੀਸ਼ਨ ਵਿੱਚ ਮੰਗ ਕੀਤੀ ਹੈ ਕਿ ਨਿਆਂਪਾਲਿਕਾ ਦੀ ਨਿਖੇਧੀ ਕਰਨ ਕਾਰਨ ਖ਼ਾਨ ਖ਼ਿਲਾਫ਼ ਅਦਾਲਤ ਦਾ ਅਪਮਾਨ ਕਰਨ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਵੇ। ਪਟੀਸ਼ਨਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਆਲੋਚਨਾ ਕੀਤੀ, ਜੋ ਅਦਾਲਤ ਦਾ ਅਪਮਾਨ ਹੈ। ਉਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਲ 2013 ਵਿੱਚ ਵੀ ਇਮਰਾਨ ਖਿਲਾਫ਼ ਨਿਆਂਪਾਲਿਕਾ ਵਿਰੁੱਧ ਟਿੱਪਣੀ ਕਰਨ ਦੇ ਦੋਸ਼ ਹੇਠ ਅਦਾਲਤ ਦਾ ਅਪਮਾਨ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਸੀ। ਪਟੀਸ਼ਨਰ ਨੇ ਮੰਗ ਕੀਤੀ ਹੈ ਕਿ ਇਮਰਾਨ ਖ਼ਾਨ ਨੂੰ ਨਿਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਣ, ਉਸ ਨੂੰ ਅਯੋਗ ਠਹਿਰਾਉਣ ਅਤੇ ਚੋਣ ਕਮਿਸ਼ਨ ਨੂੰ ਉਸ ਨੂੰ ਕੌਮੀ ਐਂਸਬਲੀ ਦੇ ਮੈਂਬਰ ਵਜੋਂ ਡੀਨੋਟੀਫਾਈ ਕਰਨ ਦਾ ਹੁਕਮ ਦਿੱਤਾ ਜਾਵੇ।