ਇਮਰਾਨ ਨੇ ਰੱਖਿਆ ਬਾਬਾ ਨਾਨਕ ’ਵਰਸਿਟੀ ਦਾ ਨੀਂਹ ਪੱਥਰ
ਲਾਹੌਰ-ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਅਮਲ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਦਸ ਏਕੜ ਤੋਂ ਵੱਧ ਰਕਬੇ ’ਚ ਬਣਨ ਵਾਲੀ ਬਾਬਾ ਗੁਰੂ ਨਾਨਕ ਦੇਵ ਕੌਮਾਂਤਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਰੱਖਿਆ। ਬਾਬੇ ਨਾਨਕ ਦੇ ਨਾਂ ਉੱਤੇ ਯੂਨੀਵਰਸਿਟੀ ਉਸਾਰਨ ਸਬੰਧੀ ਤਜਵੀਜ਼ ਡੇਢ ਦਹਾਕਾ ਪਹਿਲਾਂ ਸਾਹਮਣੇ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ ਦੀ ਨੀਂਹ ਰੱਖੀ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ, ‘ਸਿੱਖ ਭਾਈਚਾਰੇ ਲਈ ਕਰਤਾਰਪੁਰ ਜਿੱਥੇ ਮਦੀਨਾ ਹੈ, ਉਥੇ ਨਨਕਾਣਾ ਸਾਹਿਬ ਭਾਈਚਾਰੇ ਦਾ ਮੱਕਾ ਹੈ।’ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਵਜ਼ੀਰੇ ਆਜ਼ਮ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਤੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ’ਚ ਸਿਖਰਲੀ ਤਰਜੀਹ ਸੀ। ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਤਿੰਨ ਗੇੜਾਂ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ’ਤੇ 6 ਅਰਬ ਰੁਪਏ ਦਾ ਖਰਚ ਆਏਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੰਜਾਬੀ ਤੇ ਖ਼ਾਲਸਾ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਗੁਰੂ ਨਾਨਕ ਦੇ ਜਨਮ ਅਸਥਾਨ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕੀਤੀ ਸੀ। ਪਾਕਿਸਤਾਨ ਦੇ ਘੱਟਗਿਣਤੀ ਸਿੱਖ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਆਪਣੇ ਧਰਮ ਦੇ ਬਾਨੀ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ।