ਇਮੀਗ੍ਰੇਸ਼ਨ ਚ ਮੰਦੀ ਨਾਲ ਕੈਨੇਡਾ ਨੂੰ ਪੈ ਸਕਦਾ ਹੈ ਤਕੜਾ ਘਾਟਾ : RBC
ਟੋਰਾਂਟੋ— ਰਾਇਲ ਬੈਂਕ ਆਫ ਕੈਨੇਡਾ (ਆਰ. ਬੀ. ਸੀ.) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਕੈਨੇਡਾ 'ਚ ਪ੍ਰਵਾਸ 'ਚ ਆਈ ਸੁਸਤੀ ਨਾਲ ਆਰਥਿਕ ਵਿਕਾਸ ਦੇ ਅਸਥਾਈ ਤੌਰ 'ਤੇ ਪਟੜੀ ਤੋਂ ਉਤਰਨ ਦਾ ਖ਼ਤਰਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਅਰਥਵਿਵਸਥਾ 'ਚ ਦੂਜੀ ਤਿਮਾਹੀ ਦੌਰਾਨ 34,000 ਪੱਕੇ ਵਸਨੀਕ ਜੁੜੇ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 67 ਫੀਸਦੀ ਘੱਟ ਹਨ।
ਬੈਂਕ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਮੀਗ੍ਰੇਸ਼ਨ 'ਚ ਤਤਕਾਲ ਸੁਧਾਰ ਦੀ ਸੰਭਾਵਨਾ ਨਹੀਂ ਹੈ ਅਤੇ ਇਹ ਮੰਦੀ ਮਹੀਨਿਆਂ ਤੱਕ ਰਹਿ ਸਕਦੀ ਹੈ। ਦੂਜੀ ਤਿਮਾਹੀ 'ਚ ਕੈਨੇਡਾ ਨੇ ਪੱਕੇ ਤੌਰ 'ਤੇ ਰਹਿਣ ਦੀ ਮੰਗ ਕਰਨ ਲਈ ਮਿਲਣ ਵਾਲੀਆਂ ਅਰਜ਼ੀਆਂ 'ਚ 80 ਫੀਸਦੀ ਦੀ ਕਮੀ ਦਰਜ ਕੀਤੀ ਹੈ। ਆਰ. ਬੀ. ਸੀ. ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੀ ਵਧਦੀ ਬੁਢਾਪਾ ਅਬਾਦੀ ਨਾਲ ਨਜਿੱਠਣ ਅਤੇ ਸਾਡੇ ਸ਼ਹਿਰਾਂ ਦੇ ਸਮਰਥਨ 'ਚ ਸਹਾਇਤਾ ਲਈ ਕੈਨੇਡਾ 'ਚ ਇਮੀਗ੍ਰੇਸ਼ਨ ਦੀ ਲੋੜ ਹੈ। ਰਾਇਲ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਨਵੇਂ ਪੱਕੇ ਵਸਨੀਕਾਂ ਲਈ ਨਿਰਧਾਰਤ 3,41,000 ਕੋਟੇ ਦਾ ਇਹ ਸਾਲ ਖ਼ਤਮ ਹੋਣ ਤੱਕ ਸਿਰਫ 70 ਫੀਸਦੀ ਹੀ ਹਾਸਲ ਹੋਣ ਦੀ ਉਮੀਦ ਹੈ।
ਗੌਰਤਲਬ ਹੈ ਕਿ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ। ਕੈਨੇਡਾ 'ਚ ਹੁਣ ਤੱਕ 1,23,653 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 1,10,049 ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 9,051 ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਕੈਨੇਡਾ 'ਚ 4,553 ਸਰਗਰਮ ਮਾਮਲੇ ਹਨ। ਕੈਨੇਡਾ ਦਾ ਓਂਟਾਰੀਓ ਤੇ ਕਿਊਬਿਕ ਦੋ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ, ਜਿਨ੍ਹਾਂ 'ਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ, ਹਾਲਾਂਕਿ ਰੋਜ਼ਾਨਾ ਦੇ ਮਾਮਲਿਆਂ 'ਚ ਕਮੀ ਹੋਈ ਹੈ।