ਇਸਲਾਮੋਫੋਬੀਆ ਘਟਾਉਣ ਲਈ ਯਤਨ ਹੋਣ: ਅਰੁੰਧਤੀ ਰਾਏ

ਇਸਲਾਮੋਫੋਬੀਆ ਘਟਾਉਣ ਲਈ ਯਤਨ ਹੋਣ: ਅਰੁੰਧਤੀ ਰਾਏ

ਬੁੱਕਰ ਪੁਰਸਕਾਰ ਜੇਤੂ ਲੇਖਿਕਾ ਤੇ ਕਾਰਕੁਨ ਅਰੁੰਧਤੀ ਰਾਏ ਨੇ ਨਾਜ਼ੀ ਜਰਮਨੀ ਤੇ ਮੌਜੂਦਾ ਭਾਰਤ ਦੀ ਤੁਲਨਾ ਕਰਦਿਆਂ ਕਿਹਾ ਕਿ ਉਸ ਨੂੰ ਸਰਕਾਰ ਦੇ ‘ਵੰਡੀਆਂ ਪਾਉਣ ਵਾਲੇ’ ਨਾਗਰਿਕਤਾ ਕਾਨੂੰਨ ਤੇ ਤਜਵੀਜ਼ਤ ਐੱਨਆਰਸੀ ਦੀ ਖ਼ਿਲਾਫ਼ਤ ਲਈ ਸੜਕਾਂ ’ਤੇ ਉੱਤਰੇ ਵਿਦਿਆਰਥੀਆਂ ਨੂੰ ਵੇਖ ਕੇ ਵੱਡੀ ਖੁਸ਼ੀ ਹੁੰਦੀ ਹੈ। ਰਾਏ ਨੇ ਹਾਲਾਂਕਿ ਆਰਐੱਸਐੱਸ ਵੱਲੋਂ ਨੌਜਵਾਨਾਂ ਦੇ ਇਕ ਵਰਗ ਨੂੰ ‘ਖਾਸ ਕੈਂਪਾਂ ਜਾਂ ਸਕੂਲਾਂ’ ਵਿੱਚ ਭਰਤੀ ਕਰਕੇ ਕੀਤੇ ਜਾ ਰਹੀ ‘ਘੁਸਪੈਠ’ ਦੇ ਕਥਿਤ ਯਤਨਾਂ ’ਤੇ ਫਿਕਰਮੰਦੀ ਵੀ ਜ਼ਾਹਿਰ ਕੀਤੀ। ਰੌਇ ਇਥੇ 7ਵੇਂ ਕੋਲਕਾਤਾ ਪੀਪਲਜ਼ ਫ਼ਿਲਮ ਫੈਸਟੀਵਲ ਵਿੱਚ ਮੁੱਖ ਵਕਤਾ ਵਜੋਂ ਬੋਲ ਰਹੀ ਸੀ।
ਰਾਏ ਨੇ ਕਿਹਾ ਕਿ ‘ਇਸਲਾਮੋਫੋਬੀਆ ਨੂੰ ਘਟਾਉਣ ਲਈ ਯਤਨ ਵਿੱਢਣ ਦੀ ਲੋੜ ਹੈ।’ ਲੇਖਿਕਾ ਨੇ ਕਿਹਾ ਕਿ ਸੋਧੇ ਹੋਏ ਨਾਗਰਿਕਤਾ ਐਕਟ ਨਾਲ ਸਭ ਤੋਂ ਵੱਧ ਮਾਰ ਆਰਥਿਕ ਪੱਖੋਂ ਵਿਹੂਣੇ ਤੇ ਹਾਸ਼ੀਏ ’ਤੇ ਧੱਕੇ ਮੁਸਲਮਾਨਾਂ, ਦਲਿਤਾਂ ਤੇ ਮਹਿਲਾਵਾਂ ਨੂੰ ਪਏਗੀ। ਇਸ ਦੌਰਾਨ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨ ਬੋਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੀਏਏ ਨੂੰ ਲਾਗੂ ਕਰਨ ਤੇ ਤਜਵੀਜ਼ਤ ਐੱਨਆਰਸੀ ਅਮਲ ਕਰਕੇ ਦੇਸ਼ ਵਿੱਚ ‘ਖਾਨਾਜੰਗੀ ਵਾਲੇ ਹਾਲਾਤ’ ਬਣਨਗੇ।

Radio Mirchi