ਇੰਫੋਸਿਸ ਨੂੰ ਚੌਥੀ ਤਿਮਾਹੀ ਚ ਇੰਨਾ ਮੁਨਾਫਾ, ਸ਼ੇਅਰ ਬਾਇਬੈਕ ਨੂੰ ਮਨਜ਼ੂਰੀ

ਇੰਫੋਸਿਸ ਨੂੰ ਚੌਥੀ ਤਿਮਾਹੀ ਚ ਇੰਨਾ ਮੁਨਾਫਾ, ਸ਼ੇਅਰ ਬਾਇਬੈਕ ਨੂੰ ਮਨਜ਼ੂਰੀ

ਨਵੀਂ ਦਿੱਲੀ- IT ਸੈਕਟਰ ਦੀ ਕੰਪਨੀ ਇੰਫੋਸਿਸ ਨੇ ਬੁੱਧਵਾਰ ਨੂੰ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਜਨਵਰੀ ਤੋਂ ਮਾਰਚ ਦੌਰਾਨ ਕੰਪਨੀ ਨੂੰ 5,074 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ, ਜੋ ਤੀਜੀ ਤਿਮਾਹੀ ਵਿਚ 5,193 ਕਰੋੜ ਰੁਪਏ ਤੋਂ ਤਕਰੀਬਨ 2.3 ਫ਼ੀਸਦੀ ਘੱਟ ਹੈ। ਇਸ ਤੋਂ ਇਲਾਵਾ ਬੋਰਡ ਨੇ 9200 ਕਰੋੜ ਰੁਪਏ ਦੇ ਸ਼ੇਅਰ ਪੁਨਰ ਖ਼ਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਬਾਇਬੈਕ ਵਿਚ ਇਕ ਸ਼ੇਅਰ ਦੀ ਕੀਮਤ 1750 ਰੁਪਏ ਨਿਰਧਾਰਤ ਕੀਤੀ ਗਈ ਹੈ। ਕੰਪਨੀ ਦਾ ਮਾਲੀਆ ਵੀ 26,311 ਕਰੋੜ ਰੁਪਏ ਰਿਹਾ।
ਬਾਇਬੈਕ ਦੀਆਂ ਖ਼ਬਰਾਂ ਦਾ ਅਸਰ ਸੋਮਵਾਰ ਨੂੰ ਕੰਪਨੀ ਦੇ ਸਟਾਕ 'ਤੇ ਦੇਖਣ ਨੂੰ ਮਿਲਿਆ। ਸਟਾਕ 3 ਫ਼ੀਸਦੀ ਚੜ੍ਹ ਕੇ 1,480 'ਤੇ ਪਹੁੰਚ ਗਿਆ, ਜੋ ਛੇ ਸਾਲਾਂ ਵਿਚ ਸਭ ਤੋਂ ਉੱਚਾ ਪੱਧਰ ਵੀ ਹੈ। ਹਾਲਾਂਕਿ, ਮੰਗਲਵਾਰ ਨੂੰ ਹੋਈ ਮੁਨਾਫਾਵਸੂਲੀ ਕਾਰਨ ਇਹ ਬੀ. ਐੱਸ. ਈ. ਵਿਚ 1,398.60 ਰੁਪਏ 'ਤੇ ਬੰਦ ਹੋਇਆ। 
ਇਸ ਤੋਂ ਪਹਿਲਾਂ ਟੀ. ਸੀ. ਐੱਸ. ਵੀ ਵਿੱਤੀ ਨਤੀਜੇ ਜਾਰੀ ਕਰ ਚੁੱਕੀ ਹੈ। ਜਨਵਰੀ ਤੋਂ ਮਾਰਚ ਦੌਰਾਨ ਟੀ. ਸੀ. ਐੱਸ. ਨੂੰ 9,246 ਕਰੋੜ ਰੁਪਏ ਦਾ ਮੁਨਾਫਾ ਹੋਇਆ। ਮਾਲੀਆ ਵੀ 10 ਫ਼ੀਸਦੀ ਦੇ ਵਾਧੇ ਨਾਲ 43,705 ਕਰੋੜ ਰੁਪਏ 'ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਵਿਪਰੋ, ਟੈੱਕ ਮਹਿੰਦਰਾ ਅਤੇ ਹੋਰ ਆਈ. ਟੀ. ਅਤੇ ਟੈੱਕ ਕੰਪਨੀਆਂ ਦੇ ਤਿਮਾਹੀ ਨਤੀਜੇ ਵੀ ਬਿਹਤਰ ਹੋਣਗੇ। ਇੰਫੋਸਿਸ ਨੇ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰਦੇ ਹੋਏ ਇਹ ਵੀ ਦੱਸਿਆ ਹੈ ਕਿ ਵਿੱਤੀ ਸਾਲ 2021 ਵਿਚ ਉਸ ਨੇ 1 ਲੱਖ ਕਰੋੜ ਰੁਪਏ ਦੀ ਆਮਦਨੀ ਦਾ ਮੁਕਾਮ ਹਾਸਲ ਕਰ ਲਿਆ ਹੈ।

Radio Mirchi