ਈਡੀ ਵੱਲੋਂ ਫੋਰਟਿਸ ਹੈਲਥਕੇਅਰ ਦਾ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਗ੍ਰਿਫ਼ਤਾਰ

ਈਡੀ ਵੱਲੋਂ ਫੋਰਟਿਸ ਹੈਲਥਕੇਅਰ ਦਾ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਗ੍ਰਿਫ਼ਤਾਰ

ਨਵੀਂ ਦਿੱਲੀ-ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੈਲੀਗੇਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਨਾਲ ਕਥਿਤ ਫੰਡਾਂ ਦੇ ਗਬਨ ਨਾਲ ਸਬੰਧਤ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਮਾਮਲੇ ਵਿੱਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੋਟਰ ਮਾਲਵਿੰਦਰ ਸਿੰਘ ਅਤੇ ਰੈਲੀਗੇਰ ਐਂਟਰਪ੍ਰਾਈਜ਼ਿਜ਼ ਲਿਮਟਿਡ (ਆਰਈਐੱਲ) ਦੇ ਸਾਬਕਾ ਸੀਐੈੱਮਡੀ ਸੁਨੀਲ ਗੋਧਵਾਨੀ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਨੇ ਦੋਵਾਂ ਨੂੰ ਤਿਹਾੜ ਕੇਂਦਰੀ ਜੇਲ੍ਹ ਵਿੱਚੋਂ ਆਪਣੀ ਹਿਰਾਸਤ ਵਿੱਚ ਲੈ ਲਿਆ। ਸਿੰਘ ਤੇ ਗੋਧਵਾਨੀ ਦਿੱਲੀ ਪੁਲੀਸ ਵੱਲੋਂ ਦਰਜ ਕਥਿਤ ਘੁਟਾਲੇ ਦੇ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਨ। ਵਕੀਲਾਂ ਦੀ ਹੜਤਾਲ ਕਰਕੇ ਦੋਵੇਂ ਹਾਲ ਦੀ ਘੜੀ ਤਿਹਾੜ ਜੇਲ੍ਹ ਵਿੱਚ ਹੀ ਹਨ। ਇਸ ਤੋਂ ਪਹਿਲਾਂ ਜਾਂਚ ਏਜੰਸੀ ਦੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ਨੂੰ ਈਡੀ ਵਲੋਂ ਹੁਣ ਤਕ ਕੀਤੀ ਜਾਂਚ ਪੜਤਾਲ ਤੋਂ ਜਾਣੂ ਕਰਵਾਉਂਦਿਆਂ ਮੁਲਜ਼ਮਾਂ ਤੋਂ ਹਿਰਾਸਤੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ। ਵਿਸ਼ੇਸ਼ ਜੱਜ ਸੰਦੀਪ ਯਾਦਵ ਦੀ ਅਦਾਲਤ ਨੇ ਹਾਲਾਂਕਿ ਹਦਾਇਤ ਕੀਤੀ ਕਿ ਮੁਲਜ਼ਮਾਂ ਨੂੰ ਕੇਂਦਰੀ ਜੇਲ੍ਹ ਦੇ ਅੰਦਰ ਹੀ ਮੈਟਰੋਪਾਲਿਟਨ ਮੈਜਿਸਟਰੇਟ ਅੱਗੇ ਪੇਸ਼ ਕੀਤਾ ਜਾਵੇ, ਕਿਉਂਕਿ ਵਕੀਲਾਂ ਦੀ ਮੌਜੂਦਾ ਹੜਤਾਲ ਕਰਕੇ ਹਵਾਲਾਤੀਆਂ ਨੂੰ ਸਾਕੇਤ ਜ਼ਿਲ੍ਹਾ ਅਦਾਲਤ ਵਿਚ ਸਰੀਰਕ ਜਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕਰਨਾ ਮੁਸ਼ਕਲ ਹੈ। ਮਾਲਵਿੰਦਰ ਸਿੰਘ ਤੇ ਸੁਨੀਲ ਗੋਧਵਾਨੀ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਹਾਲ ਦੀ ਘੜੀ ਕੇਂਦਰੀ ਜੇਲ੍ਹ ਦੇ ਕ੍ਰਮਵਾਰ 8 ਤੇ 7 ਨੰਬਰ ਸੈੱਲ ਵਿੱਚ ਰੱਖਿਆ ਗਿਆ ਹੈ। ਵਿਸ਼ੇਸ਼ ਜੱਜ ਦੀ ਹਦਾਇਤਾਂ ਮੁਤਾਬਕ ਈਡੀ ਹੁਣ ਦੋਵਾਂ ਨੂੰ ਭਲਕੇ 15 ਨਵੰਬਰ ਨੂੰ ਸਬੰਧਤ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰੇਗੀ।
ਸਿੰਘ ਤੇ ਗੋਧਵਾਨੀ ਉੱਤੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਦਾ ਦੋਸ਼ ਹੈ, ਜੋ ਕਿ ਮਨੀ ਲਾਂਡਰਿੰਗ ਨੂੰ ਰੋਕਣ ਲਈ ਬਣੇ ਐਕਟ ਦੀ ਧਾਰਾ 3 ਤੇ 4 ਤਹਿਤ ਸਜ਼ਾਯੋਗ ਅਪਰਾਧ ਹੈ। ਈਡੀ ਮੁਤਾਬਕ ਦੋਵਾਂ ਮੁਲਜ਼ਮਾਂ (ਸਿੰਘ ਤੇ ਗੋਧਵਾਨੀ) ਨੇ ਹੋਰਨਾਂ ਨਾਲ ਮਿਲ ਕੇ ਇਕ ਹਜ਼ਾਰ ਕਰੋੜ ਰੁਪਏ ਨੂੰ ਕਰਜ਼ਿਆਂ ਦੇ ਰੂਪ ਵਿੱਚ ਵੱਖ ਵੱਖ ਵਿਅਕਤੀਆਂ ਦੇ ਖਾਤਿਆਂ ਵਿੱਚ ਵਿਖਾਇਆ ਤੇ ਮਗਰੋਂ ਇਹ ਰਾਸ਼ੀ ਖੁਰਦ ਬੁਰਦ ਕਰ ਦਿੱਤੀ।

Radio Mirchi