ਉਨਾਓ: ਸਖ਼ਤ ਸੁਰੱਖਿਆ ਹੇਠ ਬਲਾਤਕਾਰ ਪੀੜਤ ਸਪੁਰਦ-ਏ-ਖ਼ਾਕ

ਉਨਾਓ: ਸਖ਼ਤ ਸੁਰੱਖਿਆ ਹੇਠ ਬਲਾਤਕਾਰ ਪੀੜਤ ਸਪੁਰਦ-ਏ-ਖ਼ਾਕ

ਉਨਾਓ ਬਲਾਤਕਾਰ ਪੀੜਤ 23 ਸਾਲਾ ਲੜਕੀ ਦੀਆਂ ਅੰਤਿਮ ਰਸਮਾਂ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਿਭਾਈਆਂ ਗਈਆਂ। ਉਸਨੂੰ ਉਸ ਦੇ ਪਰਿਵਾਰ ਦੇ ਖੇਤਾਂ ਵਿੱਚ ਸਪੁਰਦ-ਏ- ਖ਼ਾਕ ਕਰ ਦਿੱਤਾ ਗਿਆ। ਇੱਥੇ ਹੀ ਉਸ ਦੇ ਪੁਰਖ਼ਿਆਂ ਦੀਆਂ ਕਬਰਾਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਰਕਾਰੀ ਅਧਿਕਾਰੀ ਹਾਜ਼ਰ ਸਨ ਅਤੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਅਤੇ ਕਮਲ ਰਾਨੀ ਵਰੁਣ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਲੜਕੀ ਦੇ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਯਕੀਨੀ ਬਣਾਉਣਗੇ।
ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਐੱਮਐੱਲਸੀ ਸੁਨੀਲ ਸਿੰਘ ਸਾਜਨ ਨੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਸੂਬੇ ਵਿੱਚ ਲੜਕੀਆਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਅਤੇ ਉਨ੍ਹਾਂ ਦੀਆਂ ਐੱਫਆਈਆਰਜ਼ ਦਰਜ ਨਹੀਂ ਹੋ ਰਹੀਆਂ। ਉਨ੍ਹਾਂ ਨੇ ਯੋਗੀ ਅਦਿੱਤਿਆਨਾਥ ਸਰਕਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਦੌਰਾਨ ਹੀ ਕਾਂਗਰਸ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਨੂੰ ਟੰਡਨ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਲੜਕੀ ਦੀ ਮੌਤ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੀੜਤ ਲੜਕੀ ਜਿਸ ਨੂੰ ਅੱਗ ਲਾ ਦਿੱਤੀ ਸੀ, ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਚੱਲ ਵਸੀ ਸੀ ਅਤੇ ਉਸ ਦੀ ਲਾਸ਼ ਐਂਬੂਲੈਂਸ ਰਾਹੀਂ ਉਸ ਦੇ ਜ਼ੱਦੀ ਪਿੰਡ ਲਿਆਂਦੀ ਗਈ ਸੀ।
ਇਸ ਤੋਂ ਪਹਿਲਾਂ ਦਿਨ ਵੇਲੇ ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਮੁਕੇਸ਼ ਮੇਸ਼ਰਾਮ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਲਈ ਸਹਿਮਤ ਹੋ ਗਏ। ਸ੍ਰੀ ਮੇਸ਼ਰਾਮ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇੱਕ ਘਰ ਦਿੱਤਾ ਜਾਵੇਗਾ। ਇਸ ਕੇਸ ਵਿੱਚ ਗਵਾਹ ਲੜਕੀ ਦੀਆਂ ਭੈਣਾਂ ਨੂੰ ਵੀ ਗਵਾਹੀ ਹੋਣ ਤੱਕ ਸੁਰੱਖਿਆ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਮੰਗ ਕਰਨ ’ਤੇ ਪਰਿਵਾਰ ਦੇ ਜੀਆਂ ਨੂੰ ਹਥਿਆਰ ਦਾ ਲਾਇਸੈਂਸ ਵੀ ਕਾਨੂੰਨ ਅਨੁਸਾਰ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਪਹਿਲਾਂ ਮ੍ਰਿਤਕ ਲੜਕੀ ਦੀ ਭੈਣ ਨੇ ਦਿਨ ਸਮੇਂ ਕਿਹਾ ਸੀ ਕਿ ਉਹ ਉਦੋਂ ਤੱਕ ਲੜਕੀ ਦੀਆਂ ਅੰਤਿਮ ਰਸਮਾਂ ਨਹੀਂ ਨਿਭਾਉਣਗੇ ਜਦੋਂ ਤੱਕ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਪਿੰਡ ਨਹੀਂ ਆਉਣਗੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਪੀੜਤ ਦੀ ਭੈਣ ਨੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ।

Radio Mirchi