ਉਪ ਕੁਲਪਤੀ ਦਾ ਅਸਤੀਫ਼ਾ ਲੈਣ ਤੋਂ ਮੰਤਰਾਲਾ ਇਨਕਾਰੀ
ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਜੇਐੱਨਯੂ ਹਿੰਸਾ ਮਾਮਲੇ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ’ਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਰੱਦ ਕਰ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਉਪ ਕੁਲਪਤੀ ਨੂੰ ਹਟਾਉਣਾ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਤੇ ਸਰਕਾਰ ਦਾ ਸਾਰਾ ਧਿਆਨ ਕੈਂਪਸ ’ਚ ਉਪਜੇ ਮੁੱਖ ਮੁੱਦੇ ਵੱਲ ਮੁਖਾਤਿਬ ਹੋਣਾ ਹੈ। ਉੁਧਰ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਸਾਫ਼ ਕਰ ਦਿੱਤਾ ਕਿ ਉਪ ਕੁਲਪਤੀ ਨੂੰ ਹਟਾਏ ਜਾਣ ਤਕ ਵਿਦਿਆਰਥੀ ਤੇ ਅਧਿਆਪਕ ਚੁੱਪ ਨਹੀਂ ਬੈਠਣਗੇ। ਮੰਤਰਾਲੇ ਨੇ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਨੂੰ ਮੁੜ ਸੱਦਿਆ ਹੈ। ਮੰਤਰਾਲਾ ਭਲਕੇ ਉਪ ਕੁਲਪਤੀ ਤੇ ਉਨ੍ਹਾਂ ਦੀ ਟੀਮ ਨਾਲ ਵੀ ਮੁਲਾਕਾਤ ਕਰੇਗਾ। ਇਸ ਦੌਰਾਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੇ 5 ਜਨਵਰੀ ਨੂੰ ਨਕਾਬਪੋਸ਼ ਗੁੰਡਿਆਂ ਵੱਲੋਂ ਕੈਂਪਸ ਵਿੱਚ ਕੀਤੀ ਬੁਰਛਾਗਰਦੀ ਦੀ ਜਾਂਚ ਲਈ ਅੱਜ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਜੇਐੱਨਯੂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਯੂਨੀਵਰਸਿਟੀ ’ਚ ਹੋਈ ਹਿੰਸਾ ਦੇ ਵਿਰੋਧ ਵਿੱਚ ਵੱਖ-ਵੱਖ ਅਗਾਂਹਵਧੂ ਸੰਗਠਨਾਂ ਦੇ ਨਾਲ ਅੱਜ ਮੰਡੀ ਹਾਊਸ ਤੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੱਕ ਰੋਸ ਮਾਰਚ ਕੀਤਾ। ਮਾਰਚ ‘ਜੇਐਨਯੂ ਟੀਚਰਜ਼ ਐਸੋਸੀਏਸ਼ਨ’ ਤੇ ‘ਜੇਐਨਯੂ ਸਟੂਡੈਂਟਸ ਯੂਨੀਅਨ’ ਵੱਲੋਂ ਸਾਂਝੇ ਤੌਰ ’ਤੇ ਵਿਉਂਤਿਆ ਗਿਆ ਸੀ। ਰੋਸ ਮਾਰਚ ਵਿੱਚ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ, ਡੀ.ਰਾਜਾ, ਪ੍ਰਕਾਸ਼ ਕਰਾਤ ਤੇ ਬਰਿੰਦਾ ਕਰਾਤ ਤੇ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਸਮੇਤ ਹੋਰਨਾਂ ਆਗੂਆਂ ਨੇ ਵੀ ਹਾਜ਼ਰੀ ਲਵਾਈ। ਐੱਲਜੇਡੀ ਆਗੂ ਸ਼ਰਦ ਯਾਦਵ ਵੀ ਇਸ ਮੌਕੇ ਮੌਜੂਦ ਸਨ।
ਮੰਡੀ ਹਾਊਸ ਤੋਂ ਤੁਰਿਆ ਮਾਰਚ ਸ਼ਾਸਤਰੀ ਭਵਨ ਪੁੱਜਾ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਥੇ ਪ੍ਰਦਰਸ਼ਨਕਾਰੀ ਵਿਦਿਆਰਥੀ ਤੇ ਪੁਲੀਸ ਮੁਲਾਜ਼ਮ ਧੱਕਾਮੁਕੀ ਹੋਏ ਤੇ ਪੁਲੀਸ ਨੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ। ਇਸ ਦੌਰਾਨ ਪੁਲੀਸ ਜੇਐੱਨਯੂ ਵਿਦਿਆਰਥੀ ਯੂਨੀਅਨ ਤੇ ਅਧਿਆਪਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਵਫ਼ਦ ਨੂੰ ਐੱਚਆਰਡੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲਾਉਣ ਲਈ ਲੈ ਗਈ। ਐੱਚਆਰਡੀ ਸਕੱਤਰ ਅਮਿਤ ਖਰੇ ਨੇ ਇਸ ਵਫ਼ਦ ਨਾਲ ਗੱਲਬਾਤ ਕੀਤੀ। ਖ਼ਰੇ ਨੇ ਸਾਫ਼ ਕਰ ਦਿੱਤਾ ਕਿ ਉਪ ਕੁਲਪਤੀ ਨੂੰ ਲਾਂਭੇ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਫੀਸਾਂ ਵਿੱਚ ਤਬਦੀਲੀ ਲਈ ਪਿਛਲੇ ਮਹੀਨੇ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਬਣੇ ‘ਫਾਰਮੂਲੇ’ ਨੂੰ ਹੀ ਲਾਗੂ ਕੀਤਾ ਜਾਵੇਗਾ।
ਇਸ ਦੌਰਾਨ ਜੇਐੱਨਯੂ ਨੇ 5 ਜਨਵਰੀ ਨੂੰ ਨਕਾਬਪੋਸ਼ ਗੁੰਡਿਆਂ ਵੱਲੋਂ ਕੈਂਪਸ ਵਿੱਚ ਕੀਤੀ ਬੁਰਛਾਗਰਦੀ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਨੇ ਕਿਹਾ ਕਿ ਕਮੇਟੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਪਦੰਡਾਂ ਦੀ ਸਿਫਾਰਿਸ਼ ਸਮੇਤ ਸੁਰੱਖਿਆ ਵਿੱਚ ਹੋਈ ਉਕਾਈ (ਜੇਕਰ ਕੋਈ ਹੋਈ) ਦੀ ਵੀ ਜਾਂਚ ਕਰੇਗੀ। ਕੁਮਾਰ ਨੇ ਕਿਹਾ, ‘ਕਮੇਟੀ ਕਮਜ਼ੋਰ ਸੁਰੱਖਿਆ ਖੇਤਰਾਂ, ਸੀਸੀਟੀਵੀ ਦੀ ਸਥਾਪਨਾ ਯਕੀਨੀ ਬਣਾਉਣ ਸਮੇਤ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਲਈ ਹੋਰ ਉਪਰਾਲਿਆਂ ’ਤੇ ਵੀ ਨਜ਼ਰਸਾਨੀ ਕਰੇਗੀ।’ ਫੀਸਾਂ ਨੂੰ ਲੈ ਕੇ ਵਿਦਿਆਰਥੀਆਂ ਦੀ ਦੁਚਿੱਤੀ ਨੂੰ ਖ਼ਤਮ ਕਰਦਿਆਂ ਕੁਮਾਰ ਨੇ ਕਿਹਾ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਲਾਹ ਮਸ਼ਵਰੇ ਮਗਰੋਂ ਬਣੇ ‘ਫਾਰਮੂਲੇ’ ਨਾਲ ਕੋਈ ਛੇੜਖਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਯੂਟਿਲਟੀ ਤੇ ਸੇਵਾ ਫੀਸ ਮੁਆਫ਼ ਕੀਤੇ ਜਾਣ ਕਰਕੇ ਪੈਣ ਵਾਲੇ ਭਾਰ ਨੂੰ ਘਟਾਉਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ।