ਉਮਰ ਦੀ ਭੈਣ ਵੱਲੋਂ ਪੀਐੱਸਏ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਨੇ ਆਪਣੇ ਭਰਾ ਨੂੰ ਜਨ ਸੁਰੱਖਿਆ ਐਕਟ (ਪੀਐੱਸਏ) ਤਹਿਤ ਬੰਦੀ ਬਣਾਏ ਜਾਣ ਨੂੰ ਅੱਜ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸਾਰਾ ਵੱਲੋਂ ਪੇਸ਼ ਹੁੰਦਿਆਂ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਅੱਗੇ ਛੇਤੀ ਸੁਣਵਾਈ ਦੀ ਅਰਜ਼ੀ ਦਿੱਤੀ। ਸ੍ਰੀ ਸਿੱਬਲ ਨੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਹੈਬੀਅਸ ਕਾਰਪਸ ਪਟੀਸ਼ਨ ਦਾਖ਼ਲ ਕੀਤੀ ਹੈ ਅਤੇ ਇਹ ਮਾਮਲਾ ਇਸੇ ਹਫ਼ਤੇ ਸੁਣਿਆ ਜਾਣਾ ਚਾਹੀਦਾ ਹੈ। ਬੈਂਚ ਨੇ ਮਾਮਲੇ ’ਤੇ ਫ਼ੌਰੀ ਸੁਣਵਾਈ ਨੂੰ ਸਹਿਮਤੀ ਦੇ ਦਿੱਤੀ ਹੈ। ਆਪਣੀ ਪਟੀਸ਼ਨ ’ਚ ਸਾਰਾ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਪਿਛਲੇ ਛੇ ਮਹੀਨਿਆਂ ਤੋਂ ਹਿਰਾਸਤ ’ਚ ਹੈ, ਉਸ ਨੂੰ ਬੰਦੀ ਬਣਾਏ ਜਾਣ ਦਾ ਕੋਈ ਕਾਰਨ ਮੌਜੂਦ ਨਹੀਂ ਹੋ ਸਕਦਾ ਹੈ। ਉਨ੍ਹਾਂ ਬੰਦੀ ਬਣਾਏ ਜਾਣ ਦੇ ਹੁਕਮਾਂ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ। ਅਰਜ਼ੀ ’ਚ ਕਿਹਾ ਗਿਆ,‘‘ਜਿਨ੍ਹਾਂ ਵਿਅਕਤੀਆਂ ਨੇ ਸੰਸਦ ਮੈਂਬਰ, ਮੁੱਖ ਮੰਤਰੀ, ਕੇਂਦਰੀ ਮੰਤਰੀ ਵਜੋਂ ਮੁਲਕ ਦੀ ਸੇਵਾ ਕੀਤੀ ਹੋਵੇ ਅਤੇ ਕੌਮੀ ਜਜ਼ਬਾਤ ਨਾਲ ਹਮੇਸ਼ਾ ਖੜ੍ਹੇ ਰਹੇ, ਉਨ੍ਹਾਂ ਨੂੰ ਹੁਣ ਮੁਲਕ ਲਈ ਖ਼ਤਰਾ ਗਰਦਾਨਿਆ ਜਾ ਰਿਹਾ ਹੈ, ਜੋ ਵਿਰਲੀ ਗੱਲ ਹੈ।’’ ਅਰਜ਼ੀ ’ਚ 5 ਫਰਵਰੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਹੈ।