ਊਧਵ ਅੱਜ ਲੈਣਗੇ ਮੁੱਖ ਮੰਤਰੀ ਵਜੋਂ ਹਲਫ਼

ਊਧਵ ਅੱਜ ਲੈਣਗੇ ਮੁੱਖ ਮੰਤਰੀ ਵਜੋਂ ਹਲਫ਼

ਸ਼ਿਵ ਸੈਨਾ ਮੁਖੀ ਊਧਵ ਠਾਕਰੇ 28 ਨਵੰਬਰ ਨੂੰ ਸ਼ਿਵਾਜੀ ਪਾਰਕ ਵਿੱਚ ਕਰਵਾਏ ਜਾਣ ਵਾਲੇ ਜਨਤਕ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਸੂਬੇ ’ਚ 20 ਸਾਲ ਬਾਅਦ ਪਾਰਟੀ ਕੋਲ ਇਹ ਅਹੁਦਾ ਹੋਵੇਗਾ। ਸ਼ਿਵ ਸੈਨਾ ਮੁਖੀ ਨੇ ਆਪਣੀ ਪਤਨੀ ਰਸ਼ਮੀ ਸਮੇਤ ਅੱਜ ਰਾਜ ਭਵਨ ਵਿੱਚ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਵੀ ਕੀਤੀ।
ਇਸੇ ਦੌਰਾਨ ਦੇਰ ਸ਼ਾਮ ਐੱਨਸੀਪੀ ਆਗੂ ਪ੍ਰਫੁਲ ਪਟੇਲ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਨਵੀਂ ਸਰਕਾਰ ਵਿੱਚ ਸਿਰਫ਼ ਇਕ ਹੀ ਉੱਪ ਮੁੱਖ ਮੰਤਰੀ ਹੋਵੇਗਾ ਤੇ ਉਹ ਐੱਨਸੀਪੀ ’ਚੋਂ ਚੁਣਿਆ ਜਾਵੇਗਾ ਅਤੇ ਵਿਧਾਨ ਸਭਾ ਦਾ ਸਪੀਕਰ ਕਾਂਗਰਸ ਪਾਰਟੀ ਵੱਲੋਂ ਹੋਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਊਧਵ ਠਾਕਰੇ ਨੂੰ ਵਧਾਈ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਊਧਵ ਠਾਕਰੇ (59) ਉਸੇ ਸ਼ਿਵਾਜੀ ਪਾਰਕ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ ਜਿੱਥੇ ਉਨ੍ਹਾਂ ਦੇ ਪਿਤਾ ਤੇ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਮਸ਼ਹੂਰ ਦਸਹਿਰਾ ਰੈਲੀਆਂ ਨੂੰ ਸੰਬੋਧਨ ਕਰਦੇ ਸਨ। ਸ਼ਿਵ ਸੈਨਾ ਦੇ ਆਖਰੀ ਮੁੱਖ ਮੰਤਰੀ ਨਾਰਾਇਣ ਰਾਣੇ ਸਨ ਜਿਨ੍ਹਾਂ ਮਨੋਹਰ ਜੋਸ਼ੀ ਦੇ ਅਹੁਦੇ ਤੋਂ ਹਟਣ ਮਗਰੋਂ 1999 ’ਚ ਇਹ ਅਹੁਦਾ ਸੰਭਾਲਿਆ ਸੀ। ਸ਼ਿਵ ਸੈਨਿਕਾਂ ਦੀ ਸ਼ਿਵਾਜੀ ਪਾਰਕ ਨਾਲ ਜਜ਼ਬਾਤੀ ਸਾਂਝ ਹੈ ਕਿਉਂਕਿ ਬਾਲ ਠਾਕਰੇ ਦਾ ਸਸਕਾਰ ਵੀ ਇਸੇ ਪਾਰਕ ਦੀ ਇੱਕ ਨੁੱਕਰ ’ਚ ਹੋਇਆ ਸੀ ਤੇ ਸ਼ਿਵ ਸੈਨਿਕ ਇਸ ਥਾਂ ਨੂੰ ‘ਸ਼ਿਵਤੀਰਥ’ ਕਹਿੰਦੇ ਹਨ। ਸਹੁੰ ਚੁੱਕ ਸਮਾਗਮ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਮਹਾਰਾਸ਼ਟਰ ਦੀ 14ਵੀਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਇੱਥੇ ਸ਼ੁਰੂ ਹੋਇਆ ਜਿਸ ’ਚ ਨਵੇਂ ਚੁਣੇ 285 ਵਿਧਾਇਕਾਂ ਨੂੰ ਪ੍ਰੋਟੈਮ ਸਪੀਕਰ ਕਾਲੀਦਾਸ ਕੋਲੰਬਕਰ ਨੇ ਸਹੁੰ ਚੁਕਵਾਈ। ਉਨ੍ਹਾਂ ਨੂੰ ਇਸ ਅਹੁਦੇ ’ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਨਿਯੁਕਤ ਕੀਤਾ ਸੀ। ਵਿਧਾਨ ਸਭਾ ਦੇ ਸਕੱਤਰ ਰਾਜਿੰਦਰ ਭਾਗਵਤ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਦੀ ਚੋਣ ਲਈ ਤਾਰੀਕ ਦਾ ਫ਼ੈਸਲਾ ਕੀਤਾ ਜਾਵੇਗਾ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ। ਦੋ ਵਿਧਾਇਕਾਂ ਮਹੇਸ਼ ਬਾਲਦੀ (ਆਜ਼ਾਦ) ਅਤੇ ਮੁਹੰਮਦ ਇਸਮਾਇਲ (ਏਆਈਐੱਮਆਈਐੱਮ) ਨੇ ਸਪੀਕਰ ਦੇ ਚੈਂਬਰ ’ਚ ਜਾ ਕੇ ਸਹੁੰ ਚੁੱਕੀ। ਇਸੇ ਦੌਰਾਨ ਊਧਵ ਠਾਕਰੇ ਨੇ ਹਲਫ਼ਦਾਰੀ ਸਮਾਗਮ ਦੇ ਮੱਦੇਨਜ਼ਰ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਤੇ ਕੇ.ਸੀ. ਵੇਣੂਗੋਪਾਲ ਵੀ ਹਾਜ਼ਰ ਸਨ। 

Radio Mirchi