ਊਧਵ ਦੀ ਅਗਵਾਈ ਹੇਠ ਸਰਕਾਰ ਨੇ ਜਿੱਤਿਆ ‘ਭਰੋਸਾ’
ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਗਾੜੀ ਸਰਕਾਰ ਨੇ ਅੱਜ ਮਹਾਰਾਸ਼ਟਰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਵੋਟਿੰਗ ਦਾ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦੇ 105 ਵਿਧਾਇਕਾਂ ਨੇ ਇਹ ਆਖਦਿਆਂ ਸਦਨ ’ਚੋਂ ਵਾਕਆਊਟ ਕੀਤਾ ਕਿ ਮੰਤਰੀਆਂ ਨੇ ਸਹੁੰ ਅਸੰਵਿਧਾਨਕ ਤਰੀਕੇ ਨਾਲ ਚੁੱਕੀ ਅਤੇ ਸਦਨ ਦਾ ਇਜਲਾਸ ਗ਼ੈਰਕਾਨੂੰਨੀ ਢੰਗ ਨਾਲ ਸੱਦਿਆ ਗਿਆ ਹੈ।
ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਭਰੋਸੇ ਦਾ ਮਤਾ ਪੇਸ਼ ਕੀਤਾ ਜਿਸ ਦੀ ਤਾਈਦ ਐੱਨਸੀਪੀ ਅਤੇ ਸ਼ਿਵ ਸੈਨਾ ਦੇ ਸੀਨੀਅਰ ਮੈਂਬਰਾਂ ਨੇ ਕੀਤੀ। ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਗੱਠਜੋੜ ਵਾਲੀ ਸਰਕਾਰ ਦੇ ਪੱਖ ’ਚ 169 ਵਿਧਾਇਕਾਂ ਨੇ ਵੋਟ ਪਾਈ। ਪ੍ਰੋ ਟੈਮ ਸਪੀਕਰ ਦਿਲੀਪ ਵਾਲਸੇ ਪਾਟਿਲ ਨੇ ਸਦਨ ਨੂੰ ਦੱਸਿਆ ਕਿ ਚਾਰ ਵਿਧਾਇਕ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇ। ਇਨ੍ਹਾਂ ’ਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਦੋ, ਸੀਪੀਐੱਮ ਅਤੇ ਐੱਮਐੱਨਐੱਸ ਦੇ ਇਕ-ਇਕ ਮੈਂਬਰ ਸ਼ਾਮਲ ਹਨ।
ਭਰੋਸੇ ਦਾ ਵੋਟ ਹਾਸਲ ਕਰਨ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ ਨੇ ਸਦਨ ਦੇ ਸਾਰੇ ਮੈਂਬਰਾਂ ਦਾ ਉਨ੍ਹਾਂ ’ਤੇ ਵਿਸ਼ਵਾਸ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਦਨ ’ਚ ਆਉਣ ਤੋਂ ਪਹਿਲਾਂ ਉਹ ਕੁਝ ਦਬਾਅ ਹੇਠ ਸਨ ਕਿਉਂਕਿ ਉਨ੍ਹਾਂ ਨੂੰ ਵਿਧਾਨ ਸਭਾ ’ਚ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਮੰਤਰੀਆਂ ਦੀ ਜਾਣ-ਪਛਾਣ ਵੀ ਕਰਵਾਈ।
ਭਾਜਪਾ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਦੀ ਕਾਰਵਾਈ ਸੰਵਿਧਾਨਕ ਨੇਮਾਂ ਦੀ ਉਲੰਘਣਾ ਕਰਕੇ ਚਲਾਈ ਗਈ ਹੈ ਜਿਸ ਦੇ ਵਿਰੋਧ ’ਚ ਉਨ੍ਹਾਂ ਸਦਨ ’ਚੋਂ ਵਾਕਆਊਟ ਕੀਤਾ। ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਕੋਲ ਉਠਾਉਣਗੇ। ਭਾਜਪਾ ਵਿਧਾਇਕ ਦਲ ਦੇ ਆਗੂ ਦੇਵੇਂਦਰ ਫੜਨਵੀਸ ਨੇ ਪਾਰਟੀ ਦੇ ਵਿਧਾਇਕ ਕਾਲੀਦਾਸ ਕੋਲੰਬਕਰ ਦੀ ਥਾਂ ’ਤੇ ਐੱਨਸੀਪੀ ਦੇ ਦਿਲੀਪ ਵਾਲਸੇ ਪਾਟਿਲ ਨੂੰ ਪ੍ਰੋ ਟੈਮ ਸਪੀਕਰ ਬਣਾਏ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਸਦਨ ’ਚ ਕਿਹਾ ਕਿ ਮੁਲਕ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿਉਂਕਿ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਗੱਠਜੋੜ ਨੂੰ ਭਰੋਸੇ ਦਾ ਵੋਟ ਗੁਆਉਣ ਦਾ ਖ਼ਤਰਾ ਸੀ।
ਵਾਕਆਊਟ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਇਜਲਾਸ ਵੇਲੇ ਕੌਮੀ ਤਰਾਨਾ ਵਜਾਇਆ ਗਿਆ ਸੀ ਜਿਸ ਦਾ ਮਤਲਬ ਹੈ ਕਿ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ ਹੈ ਅਤੇ ਨੋਟਿਸ ਤੋਂ ਬਿਨਾਂ ਸਦਨ ਨੂੰ ਮੁੜ ਤੋਂ ਸੱਦ ਲਿਆ ਗਿਆ। ਉਨ੍ਹਾਂ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਚੁੱਕੀ ਗਈ ਸਹੁੰ ਵੇਲੇ ਬਾਲਾਸਾਹੇਬ ਠਾਕਰੇ, ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦਾ ਨਾਮ ਲਏ ਜਾਣ ਨੂੰ ਵੀ ਗ਼ੈਰਸੰਵਿਧਾਨਕ ਕਰਾਰ ਦਿੱਤਾ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਜਦੋਂ ਉਨ੍ਹਾਂ ਛਤਰਪਤੀ ਸ਼ਿਵਾਜੀ ਦਾ ਨਾਮ ਲਿਆ ਤਾਂ ਭਾਜਪਾ ਨੂੰ ਡੰਗ ਵਜਿਆ ਅਤੇ ਉਹ ਵਾਰ-ਵਾਰ ਨਾਮ ਲੈਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਮਾਪਿਆਂ ਦਾ ਨਾਮ ਨਹੀਂ ਲੈਂਦੇ ਹਨ, ਉਨ੍ਹਾਂ ਨੂੰ ਜਿਊਣ ਦਾ ਹੱਕ ਨਹੀਂ ਹੈ। ਐੱਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਭਾਜਪਾ ਵਿਧਾਨ ਸਭਾ ’ਚੋਂ ਭੱਜਣਾ ਚਾਹੁੰਦੀ ਸੀ ਜਿਸ ਕਰਕੇ ਅਜਿਹੇ ਬਹਾਨੇ ਘੜੇ ਗਏ ਹਨ।