ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਸੁੱਚਾ ਸਿੰਘ ਲਈ ਮਾੜਾ ਰਿਹਾ ਕੋਵਿਡ-19 ਦਾ ਤਜਰਬਾ

ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਦੌੜਾਕ ਸੁੱਚਾ ਸਿੰਘ ਕੋਵਿਡ-19 ਤੋਂ ਠੀਕ ਹੋ ਗਏ ਹਨ ਪਰ ਇਲਾਜ ਦੌਰਾਨ ਉਨ੍ਹਾਂ ਦਾ ਤਜਰਬਾ ਬਹੁਤ ਬੁਰਾ ਰਿਹਾ। ਸੁੱਚਾ ਸਿੰਘ ਨੇ ਆਪਣੇ ਨਾਲ ਹੋਏ ਮਾੜੇ ਵਿਵਹਾਰ ਨੂੰ ਅਪਮਾਨਜਨਕ ਕਰਾਰ ਦਿੱਤਾ ਅਤੇ ਕਿਹਾ ਕਿ ਇਕ ਖਿਡਾਰੀ ਜਿਸ ਨੇ ਦੇਸ਼ ਦਾ ਮਾਣ ਵਧਾਇਆ ਹੋਵੇ, ਉਸ ਨੂੰ ਵੀ ਉਮਰ ਦੇ ਇਸ ਪੜਾਅ ਵਿਚ ਇੰਨਾ ਕੁੱਝ ਸਹਿਣਾ ਪਿਆ ਅਤੇ ਇੱਥੋਂ ਤੱਕ ਕਿ ਟੈਸਟ ਕਰਵਾਉਣ ਲਈ ਕਈ ਜਗ੍ਹਾ ਚੱਕਰ ਲਾਉਣੇ ਪਏ।
ਸੁੱਚਾ ਸਿੰਘ 1970 ਏਸ਼ੀਆਈ ਖੇਡਾਂ 'ਚ 400 ਮੀਟਰ ਰਿਲੇਅ 'ਚ ਚਾਂਦੀ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੂੰ 4 ਅਗਸਤ ਨੂੰ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਸੀ ਪਰ 17 ਅਗਸਤ ਨੂੰ ਦੂਜੇ ਟੈਸਟ ਵਿਚ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। 70 ਸਾਲਾ ਸੁੱਚਾ ਸਿੰਘ ਨੇ ਕਿਹਾ ਕਿ ਮੈਨੂੰ ਹਸਪਤਾਲਾਂ ਦਾ ਭੁਗਤਾਨ ਕਰਨ ਲਈ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲੈਣਾ ਪਿਆ ਤਾਂ ਹੀ ਮੈਨੂੰ ਉਥੋਂ ਛੁੱਟੀ ਮਿਲ ਸਕੀ। ਉਨ੍ਹਾ ਕਿਹਾ ਕਿ ਇਹ ਇਕ ਖਿਲਾਰੀ ਲਈ ਅਪਮਾਨਜਨਕ ਹੈ।