ਏਸ਼ੀਆਈ ਚੈਂਪੀਅਨਜ਼ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ 7 ਮਾਮਲੇ ਆਏ ਸਾਹਮਣੇ

ਕੁਆਲਾਲੰਪੁਰ : ਏਸ਼ੀਆਈ ਫੁੱਟਬਾਲ ਸੰਘ (ਏ.ਐੱਫ.ਸੀ.) ਦੀ ਏਸ਼ੀਆਈ ਚੈਂਪੀਅਨਜ਼ ਲੀਗ (ਏ.ਸੀ.ਐੱਲ.) ਦੀ ਬਹਾਲੀ ਨੂੰ ਉਦੋਂ ਝੱਟਕਾ ਲਗਾ, ਜਦੋਂ ਟੂਰਨਾਮੇਂਟ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਕਤਰ ਵਿਚ ਜਾਂਚ ਵਿਚ 5 ਖਿਡਾਰੀਆਂ ਸਮੇਤ 7 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਏ.ਐੱਫ.ਸੀ. ਨੇ ਸ਼ਨੀਵਾਰ ਨੂੰ ਪੁਸ਼ਟੀ ਦੀ ਕਿ ਸਾਊਦੀ ਅਰਬ ਦੇ ਅਲ ਹਿਲਾਲ ਕਲੱਬ ਦੇ 5 ਖਿਡਾਰੀ ਅਤੇ 1 ਅਧਿਕਾਰੀ ਅਤੇ ਕਤਰ ਦੀ ਟੀਮ ਅਲ ਦੁਹੇਲ ਦਾ 1 ਖਿਡਾਰੀ ਪੀੜਤ ਪਾਇਆ ਗਿਆ ਹੈ।
ਪੱਛਮੀ ਖੇਤਰ ਦਾ ਮੁਕਾਬਲਾ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗਾ, ਜਿਸ ਵਿਚ ਕਤਰ, ਸਾਊਦੀ ਅਰਬ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਉਜਬੇਕੀਸਤਾਨ ਦੇ ਕਲੱਬ ਕਤਰ ਵਿਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਚੁਣੌਤੀ ਪੇਸ਼ ਕਰਣਗੇ। ਏ.ਐੱਫ.ਸੀ. ਨੇ ਸ਼ਨੀਵਾਰ ਨੂੰ ਬਿਆਨ ਵਿਚ ਕਿਹਾ, 'ਟੂਰਨਾਮੈਂਟ ਲਈ ਬਣਾਏ ਗਏ ਕੋਵਿਡ-19 ਨਿਯਮਾਂ ਅਤੇ ਸੁਰੱਖਿਆ ਕਦਮਾਂ ਅਨੁਸਾਰ ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਇਕਾਂਤਵਾਸ ਵਿਚ ਡਾਕਟਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ।' ਏ.ਐੱਫ.ਸੀ. ਨੇ ਇਸ ਤੋਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਯੂ.ਏ.ਈ. ਦੀ ਟੀਮ ਅਲ ਵਾਹਦਾ ਕਤਰ ਦੀ ਯਾਤਰਾ ਨਹੀਂ ਕਰ ਪਾਏਗੀ, ਕਿਉਂਕਿ ਕਲੱਬ ਦੇ ਕਈ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।