ਐੱਨਆਰਸੀ 2024 ਤੱਕ ਲਾਗੂ ਕਰ ਦਿਆਂਗੇ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ ਵਿੱਚ ਕੌਮੀ ਨਾਗਰਿਕਤਾ ਰਜਿਸਟਰ 2024 ਤੱਕ ਲਾਗੂ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਹਰੇਕ ਘੁਸਪੈਠੀਏ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ।
ਭਾਵੇਂ ਕਿ ਕੁਝ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਹਾਲ ਹੀ ਵਿੱਚ ਪੱਛਮੀ ਬੰਗਾਲ ’ਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਐੱਨਆਰਸੀ ਦੇ ਮੁੱਦੇ ’ਤੇ ਪਾਰਟੀ ਨੂੰ ਕੀਮਤ ਚੁਕਾਉਣੀ ਪਈ ਹੈ ਪਰ ਇਸ ਦੇ ਬਾਵਜੂਦ ਕੇਂਦਰੀ ਗ੍ਰਹਿ ਮੰਤਰੀ ਨੇ ਝਾਰਖੰਡ ’ਚ ਕੀਤੀਆਂ ਚੋਣ ਰੈਲੀਆਂ ’ਚ ਕਿਹਾ ਕਿ ਇਸ ਸਬੰਧੀ ਦੇਸ਼ ਭਰ ’ਚ ਮੁਹਿੰਮ ਚਲਾਈ ਜਾਵੇਗੀ। ਚਕਰਧਰਪੁਰ ਤੇ ਬਹਾਰਾਗੋੜਾ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘‘ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਭਰ ’ਚ ਐੱਨਆਰਸੀ ਲਾਗੂ ਕੀਤਾ ਜਾਵੇਗਾ ਅਤੇ ਹਰੇਕ ਘੁਸਪੈਠੀਏ ਦੀ ਪਛਾਣ ਕਰ ਕੇ ਉਸ ਨੂੰ ਬਾਹਰ ਕੱਢਿਆ ਜਾਵੇਗਾ। ਰਾਹੁਲ ਬਾਬਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਾਹਰ ਨਾ ਕੱਢੋ। ਉਹ ਕਿੱਥੇ ਜਾਣਗੇ, ਕੀ ਖਾਣਗੇ? ਪਰ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਦੇਸ਼ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਿਵਾਦ ਨੂੰ ਜੜ੍ਹੋਂ ਪੁੱਟਣ, ਨਕਸਲਵਾਦ ਤੇ ਅਯੁੱਧਿਆ ’ਚ ਰਾਮ ਮੰਦਿਰ ਬਣਾਉਣ ਵਰਗੇ ਕੌਮੀ ਮੁੱਦੇ ਵੀ ਝਾਰਖੰਡ ਦੀਆਂ ਚੋਣਾਂ ’ਚ ਸਥਾਨਕ ਮੁੱਦਿਆਂ ਜਿੰਨੇ ਹੀ ਅਹਿਮ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਸੁਪਰੀਮ ਕੋਰਟ ’ਚ ਰਾਮ ਜਨਮ ਭੂਮੀ ਮਾਮਲੇ ਦੀ ਸੁਣਵਾਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤੁਹਾਡੇ ਸਹਿਯੋਗ ਨਾਲ ਅਸੀਂ ਅਪੀਲ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਪਹਿਲ ਦੇ ਅਧਾਰ ’ਤੇ ਹੋਣੀ ਚਾਹੀਦੀ ਹੈ, ਜਿਸ ਦੇ ਨਤੀਜੇ ਵਜੋਂ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਅਯੁੱਧਿਆ ’ਚ ਸਿਰਫ਼ ਇਕ ਰਾਮ ਮੰਦਰ ਹੀ ਬਣੇਗਾ।