ਐੱਨਆਰਸੀ ਲਾਗੂ ਕਰਨ ਦਾ ਅਜੇ ਕੋਈ ਵਿਚਾਰ ਨਹੀਂ
ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਉਸ ਨੇ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਨੂੰ ਕੌਮੀ ਪੱਧਰ ’ਤੇ ‘ਤਿਆਰ’ ਕਰਨ ਬਾਰੇ ਅਜੇ ਤਕ ਕੋਈ ਫੈਸਲਾ ਨਹੀਂ ਲਿਆ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਹ ਦਾਅਵਾ ਇਕ ਲਿਖਤੀ ਜਵਾਬ ਵਿੱਚ ਕੀਤਾ। ਰਾਏ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਕੌਮੀ ਵਸੋਂ ਰਜਿਸਟਰ (ਐੱਨਪੀਆਰ) ਤਿਆਰ ਕਰਨ ਨੂੰ ਲੈ ਕੇ ਕੇਂਦਰ, ਰਾਜ ਸਰਕਾਰਾਂ ਦੇ ਸੰਪਰਕ ਵਿੱਚ ਹੈ ਤੇ ਐੱਨਪੀਆਰ ਦੀ ਅਪਡੇਸ਼ਨ ਮੌਕੇ ਕੋਈ ਵੀ ਦਸਤਾਵੇਜ਼ ਇਕੱਤਰ ਨਹੀਂ ਕੀਤਾ ਜਾਵੇਗਾ। ਇਸ ਪੂਰੀ ਮਸ਼ਕ ਦੌਰਾਨ ਆਧਾਰ ਨੰਬਰ ਦੇਣਾ ਸਵੈ-ਇੱਛਾ ’ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼, ਜਿਸ ਦੀ ਨਾਗਰਿਕਤਾ ਬਾਰੇ ਕੋਈ ਸ਼ੱਕ-ਸ਼ੁਬ੍ਹਾ ਹੋਵੇਗਾ, ਉਸ ਦੀ ਕੋਈ ਤਸਦੀਕ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਸੀਏਏ, ਐੱਨਪੀਆਰ, ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਸਮੇਤ ਹੋਰਨਾਂ ਭਾਜਪਾ ਆਗੂਆਂ ਦੀ ਭੜਕਾਊ ਬਿਆਨਬਾਜ਼ੀ ਤੇ ਨਿਰਭਯਾ ਕੇਸ ਸਮੇਤ ਹੋਰਨਾਂ ਮੁੱਦਿਆਂ ’ਤੇ
ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਸਰਕਾਰ ਨੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪੁੱਜੇ ਨੁਕਸਾਨ ਸਬੰਧੀ ਰਿਪੋਰਟ ਲੋਕ ਸਭਾ ਵਿੱਚ ਰੱਖੀ।
ਇਸ ਤੋਂ ਪਹਿਲਾਂ ਜਿਉਂ ਹੀ ਲੋਕ ਸਭਾ ਜੁੜੀ ਤਾਂ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਅਨੰਤ ਹੇਗੜੇ ਵੱਲੋਂ ਲੰਘੇ ਦਿਨ ਬੰਗਲੌਰ ਵਿਚ ਇਕ ਸਮਾਗਮ ਦੌਰਾਨ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਖਾਸਾ ਰੌਲਾ ਰੱਪਾ ਪਾਇਆ। ਕਾਂਗਰਸ, ਡੀਐੱਮਕੇ ਤੇ ਐੱਨਸੀਪੀ ਨੇ ਹੇਗੜੇ ਵਿਵਾਦ ਨੂੰ ਚੁੱਕਣ ਦੀ ਮੰਗ ਕੀਤੀ, ਪਰ ਸਪੀਕਰ ਓਮ ਬਿਰਲਾ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਸਪੀਕਰ ਨੇ ਮਗਰੋਂ ਸਦਨ ਨੂੰ ਦੁਪਹਿਰ ਤਕ ਲਈ ਮੁਲਤਵੀ ਕਰ ਦਿੱਤਾ। ਉਂਜ ਸਦਨ ਨੇ ਓਮਾਨ ਦੇ ਸੁਲਤਾਨ ਕਾਬੂਸ ਬਿਨ ਸਮੇਤ ਹੋਰਨਾਂ ਵਿੱਛੜੀਆਂ ਰੂਹਾਂ ਨੂੰ ਮੌਨ ਰਹਿ ਕੇ ਸ਼ਰਧਾਂਜਲੀ ਵੀ ਦਿੱਤੀ। ਸਦਨ ਮੁੜ ਜੁੜਿਆ ਤਾਂ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਹੇਗੜੇ ਵੱਲੋਂ ਮਹਾਤਮਾ ਗਾਂਧੀ ਬਾਬਤ ਕੀਤੀਆਂ ਟਿੱਪਣੀਆਂ ਲਈ ਸਰਕਾਰ ਨੂੰ ਘੇਰਿਆ। ਚੌਧਰੀ ਨੇ ਕਿਹਾ ਕਿ ਭਾਜਪਾ ਆਗੂਆਂ ਦੀਆਂ ਟਿੱਪਣੀਆਂ ਮਹਾਤਮਾ ਗਾਂਧੀ ਦਾ ‘ਨਿਰਾਦਰ’ ਹੈ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਤਖ਼ਤੀਆਂ ਵਿਖਾਈਆਂ ਤੇ ਨਾਅਰੇਬਾਜ਼ੀ ਕੀਤੀ। ਤਖ਼ਤੀਆਂ ’ਤੇ ‘ਭਾਜਪਾ ਪਾਰਟੀ ਗੋਡਸੇ ਪਾਰਟੀ’ ਤੇ ‘ਮਹਾਤਮਾ ਗਾਂਧੀ ਅਮਰ ਰਹੇ’ ਦੇ ਨਾਅਰੇ ਲਿਖੇ ਹੋਏ ਸਨ। ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਇਨ੍ਹਾਂ ਵਿਵਾਦਿਤ ਟਿੱਪਣੀਆਂ ਬਾਰੇ ਜਵਾਬ ਦੇਣਗੇ, ਪਰ ਉਹ ਤਾਂ ਮਹਾਤਮਾ ਗਾਂਧੀ ਨੂੰ ਨਫ਼ਰਤ ਕਰਨ ਵਾਲੇ ਲੋਕਾਂ ਦੀ ‘ਮਦਦ’ ਕਰ ਰਹੇ ਹਨ। ਉਨ੍ਹਾਂ ਕਿਹਾ, ‘ਮੈਨੂੰ ਅਜਿਹੇ ਲੋਕਾਂ ਤੋਂ ਕੋਈ ਉਮੀਦ ਨਹੀਂ ਹੈ, ਜੋ ਗੋਡਸੇ ਦੀ ਸਿਆਸਤ ਕਰਦੇ ਹਨ।’ ਸ੍ਰੀ ਜੋਸ਼ੀ ਨੇ ਕਿਹਾ ਕਿ ਭਾਜਪਾ ਦੇ ਮੈਂਬਰ ਅਸਲ ‘ਭਗਤ’ ਤੇ (ਮਹਾਤਮਾ) ਗਾਂਧੀ ਦੇ ਅਨੁਯਾਈ ਹਨ ਜਦੋਂਕਿ ਕਾਂਗਰਸ ਰਾਹੁਲ ਤੇ ਸੋਨੀਆ ਗਾਂਧੀ ਵਰਗੇ ਨਕਲੀ (ਜਾਅਲੀ) ਗਾਂਧੀ ਦੀ ਅਨੁਯਾਈ ਹੈ। ਇਸ ਦੌਰਾਨ ਸਿਫ਼ਰ ਕਾਲ ਦੌਰਾਨ ਭਾਜਪਾ ਦੇ ਨਿਸ਼ੀਕਾਂਤ ਦੂਬੇ ਨੇ ਐੱਨਆਰਸੀ ਦੇ ਮੁੱਦੇ ਨੂੰ ਉਭਾਰਦਿਆਂ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ।
ਪ੍ਰਸ਼ਨ ਕਾਲ ਦੌਰਾਨ ਸਰਕਾਰ ਨੇ ਗ੍ਰਹਿ ਰਾਜ ਮੰਤਰੀ ਜੀ.ਕਿਸ਼ਨ ਰੈੱਡੀ ਨੇ ਜੇਐੱਨਯੂ ਹਮਲੇ, ਜਾਮੀਆ ਪ੍ਰਦਰਸ਼ਨ ਤੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪੁੱਜੇ ਨੁਕਸਾਨ ਤੇ ਪੁਲੀਸ ਵੱਲੋਂ ਇਹਤਿਆਤ ਵਜੋਂ ਚੁੱਕੇ ਕਦਮਾਂ ਦੀ ਤਫ਼ਸੀਲ ਸਬੰਧੀ ਰਿਪੋਰਟਾਂ ਸਦਨ ਵਿੱਚ ਰੱਖੀਆਂ। ਉਨ੍ਹਾਂ ਸਰਕਾਰ ਦੇ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਤੇ 35ਏ ਮਨਸੂਖ਼ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਬਾਰੇ ਵੀ ਚਾਨਣਾ ਪਾਇਆ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਹੋਈ ਚਰਚਾ ਮੌਕੇ ਭਾਜਪਾ ਦੇ ਸੰਸਦ ਮੈਂਬਰ ਦਿਲੀਪ ਘੋਸ਼ ਨੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ‘ਸ਼ਿਖੰਡੀ’ ਕਹਿ ਕੇ ਭੰਡਿਆ। ਉਨ੍ਹਾਂ ਕਿਹਾ ਕਿ ਸੀਏਏ ਵਿਰੋਧੀ ਪ੍ਰਦਰਸ਼ਨਾਂ ਦਾ ਸਭ ਤੋਂ ਵੱਧ ਸੰਤਾਪ ਪੱਛਮੀ ਬੰਗਾਲ ਨੂੰ ਝੱਲਣਾ ਪਿਆ ਹੈ, ਕਿਉਂਕਿ ਮੰਦੇ ਭਾਗਾਂ ਨੂੰ ਉਥੇ ‘ਸ਼ਿਖੰਡੀ’ ਸੱਤਾ ਵਿੱਚ ਹਨ। ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ ਨੇ ਚਰਚਾ ਵਿੱਚ ਭਾਗ ਲੈਂਦਿਆਂ ਧਾਰਾ 370 ਮਨਸੂਖ਼ ਕਰਨ ਨੂੰ ‘ਇਤਿਹਾਸਕ ਬੱਜਰ ਗ਼ਲਤੀ’ ਦੱਸਿਆ। ਮਸੂਦੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਬਾਵਜੂਦ ਇਕ ਸੀਨੀਅਰ ਪੁਲੀਸ ਅਧਿਕਾਰੀ ਦੀ ਅਤਿਵਾਦੀਆਂ ਨਾਲ ‘ਮਿਲੀਭੁਗਤ’ ਸਾਹਮਣੇ ਆਈ ਹੈ। ਸਪਾ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਗੱਲ ਤਾਂ ਕਰਦੀ ਹੈ, ਪਰ ਸਰਕਾਰ ਨੇ ਨਾ ਤਾਂ ਸਾਰਿਆਂ ਨੂੰ ਨਾਲ ਤੋਰਿਆ ਤੇ ਨਾ ਹੀ ਕਿਤੇ ਵਿਕਾਸ ਨਜ਼ਰ ਆਉਂਦਾ ਹੈ। ਉਧਰ ਰਾਜ ਸਭਾ ਵਿੱਚ ਵੀ ਕਾਂਗਰਸ ਤੇ ਟੀਐੱਮਸੀ ਮੈਂਬਰਾਂ ਨੇ ਐੱਨਆਰਸੀ ਤੇ ਸੀਏਏ ਸਮੇਤ ਹੋਰਨਾਂ ਮੁੱਦਿਆਂ ਬਾਰੇ ਰੌਲਾ ਪਾਇਆ। ਹਾਲਾਂਕਿ ਇਸ ਮੌਕੇ ਕਰੋਨਾਵਾਇਰਸ, ਪਿਆਜ਼ਾਂ ਦੀ ਬਰਾਮਦ, ਨਿਰਭਯਾ ਬਲਾਤਕਾਰ ਕੇਸ ਤੇ ਫਸਲਾਂ ’ਤੇ ਟਿੱਡੀਆਂ ਦੇ ਹਮਲੇ ਜਿਹੇ ਮੁੱਦਿਆਂ ’ਤੇ ਚਰਚਾ ਹੋਈ। ਵਿੱਤ ਮੰਤਰੀ ਅਨੁਰਾਗ ਠਾਕੁਰ ਕਿਸੇ ਮੁੱਦੇ ਬਾਰੇ ਬੋਲਣ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਸੀਏਏ, ਐੱਨਪੀਆਰ ਤੇ ਐੱਨਆਰਸੀ ’ਤੇ ਚਰਚਾ ਲਈ ਦਿੱਤੇ ਨੋਟਿਸਾਂ ਨੂੰ ਰੱਦ ਕਰ ਦਿੱਤਾ। ਟੀਐੱਮਸੀ ਮੈਂਬਰਾਂ ਨੇ ‘ਗੋਲੀ ਮਾਰਨਾ ਬੰਦ ਕਰੋ’, ‘ਮੋਦੀ ਤੇਰੀ ਤਾਨਾਸ਼ਾਹੀ ਨਹੀਂ ਚਲੇਗੀ’, ‘ਲੋਕਤੰਤਰ ਕੀ ਹੱਤਿਆ ਨਹੀਂ ਚਲੇਗੀ’ ਦੇ ਨਾਅਰੇ ਲਾਏ। ‘ਆਪ’ ਨੇ ਨਿਰਭਸਾ ਕੇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ’ਚ ਹੋ ਰਹੀ ਦੇਰੀ ਦਾ ਮਾਮਲਾ ਚੁੱਕਿਆ। ਉਧਰ ਭਾਜਪਾ ਨੇ ਕਾਂਗਰਸ ਤੇ ‘ਆਪ’ ਵੱਲੋਂ ‘ਸ਼ਾਹੀਨ ਬਾਗ਼ ਧਰਨੇ’ ਨੂੰ ਦਿੱਤੀ ਹਮਾਇਤ ਲਈ ਦੋਵਾਂ ਪਾਰਟੀਆਂ ਨੂੰ ਭੰਡਿਆ। ਭਾਜਪਾ ਆਗੂਆਂ ਨੇ ਕਿਹਾ ਕਿ ਆਜ਼ਾਦੀ ਦੇ ਨਾਂ ’ਤੇ ਨਫ਼ਰਤੀ ਤਕਰੀਰਾਂ ਰਾਹੀਂ ਨੌਜਵਾਨਾਂ ਦੇ ਦਿਮਾਗ ’ਚ ਜ਼ਹਿਰ ਭਰਿਆ ਜਾ ਰਿਹੈ।