ਐੱਸਸੀਓ ਮੀਟਿੰਗ ਲਈ ਇਮਰਾਨ ਨੂੰ ਸੱਦਾ ਦੇਵੇਗਾ ਭਾਰਤ
ਭਾਰਤ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੀ ਇਸ ਸਾਲ ਹੋਣ ਵਾਲੀ ਸਾਲਾਨਾ ਮੀਟਿੰਗ ਲਈ ਹੋਰਨਾਂ ਮੁਲਕਾਂ ਦੇ ਮੁਖੀਆਂ ਸਮੇਤ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਵੀ ਸੱਦਾ ਦੇਵੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਐੱਸਸੀਓ ਦੇ ਸਾਰੇ ਅੱਠ ਮੈਂਬਰ ਮੁਲਕਾਂ, ਚਾਰ ਨਿਗਰਾਨਾਂ ਤੇ ਸੰਵਾਦ ਭਾਈਵਾਲਾਂ ਨੂੰ ਮੀਟਿੰਗ ਲਈ ਸੱਦਿਆ ਜਾਵੇਗਾ।
ਤਰਜਮਾਨ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਪ੍ਰਧਾਨ ਮੰਤਰੀਆਂ ਦੇ ਪੱਧਰ ਦੀ ਇਸ ਸਾਲਾਨਾ ਮੀਟਿੰਗ ਵਿੱਚ ਐੱਸਸੀਓ ਦੇ ਪ੍ਰੋਗਰਾਮ ਤੇ ਬਹੁਪੱਖੀ ਆਰਥਿਕ ਤੇ ਵਪਾਰ ਸਹਿਯੋਗ ਜਿਹੇ ਮੁੱਦਿਆਂ ’ਤੇ ਚਰਚਾ ਹੁੰਦੀ ਹੈ।’ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਦਾ ਦੇਣ ਬਾਰੇ ਪੁੱਛੇ ਜਾਣ ’ਤੇ ਕੁਮਾਰ ਨੇ ਕਿਹਾ, ‘ਐੱਸਸੀਓ ਦੀਆਂ ਸਥਾਪਤ ਰਵਾਇਤਾਂ ਤੇ ਕਾਰਜਵਿਧੀ ਮੁਤਾਬਕ ਜਥੇਬੰਦੀ ਦੇ ਸਾਰੇ 8 ਮੈਂਬਰਾਂ, ਚਾਰ ਨਿਗਰਾਨਾਂ ਤੇ ਹੋਰਨਾਂ ਕੌਮਾਂਤਰੀ ਸੰਵਾਦ ਭਾਈਵਾਲਾਂ ਨੂੰ ਮੀਟਿੰਗ ਲਈ ਸੱਦਾ ਭੇਜਾਂਗੇ।’ ਪੱਤਰਕਾਰਾਂ ਨੇ ਜਦੋਂ ਖ਼ਾਨ ਦਾ ਨਾਂ ਲੈ ਕੇ ਪੁੱਛਿਆ ਤਾਂ ਇਕ ਹੋਰ ਅਧਿਕਾਰੀ ਨੇ ਕਿਹਾ, ‘ਹਾਂ’। ਐੱਸਸੀਓ ਮੀਟਿੰਗ ’ਚ ਸ਼ਿਰਕਤ ਲਈ ਪਾਕਿਸਤਾਨ ਨੂੰ ਸੱਦਾ ਭੇਜਣ ਦਾ ਐਲਾਨ ਅਜਿਹੇ ਮੌਕੇ ਹੋਇਆ ਹੈ ਜਦੋਂ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰਕੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਦੇ ਫੈਸਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ’ਚ ਤਲਖੀ ਸਿਖਰ ’ਤੇ ਹੈ। ਭਾਰਤ ਤੇ ਪਾਕਿਸਤਾਨ, ਚੀਨ ਦੇ ਦਬਦਬੇ ਵਾਲੇ ਇਸ ਗਰੁੱਪ ਵਿੱਚ ਸਾਲ 2017 ’ਚ ਮੈਂਬਰ ਬਣੇ ਸਨ। ਇਸ ਤੋਂ ਪਹਿਲਾਂ 2005 ਤੋਂ ਭਾਰਤ ਇਸ ਸਮੂਹ ਵਿੱਚ ਨਿਗਰਾਨ ਵਜੋਂ ਸ਼ਾਮਲ ਸੀ। ਕਾਬਿਲੇਗੌਰ ਹੈ ਕਿ ਆਮ ਕਰਕੇ ਐੱਸਸੀਓ ਮੀਟਿੰਗ ਦੌਰਾਨ ਮੈਂਬਰ ਮੁਲਕ ਨੁਮਾਇੰਦੇ ਵਜੋਂ ਆਪਣੇ ਵਿਦੇਸ਼ ਮੰਤਰੀਆਂ ਨੂੰ ਭੇਜਦੇ ਹਨ, ਜਦੋਂ ਕਿ ਕੁਝ ਮੁਲਕਾਂ ਦੇ ਪ੍ਰਧਾਨ ਮੰਤਰੀ ਵੀ ਸ਼ਿਰਕਤ ਕਰਦੇ ਹਨ।