ਓਂਟਾਰੀਓ ਦਾ ਇਹ ਖੇਤਰ ਬਣਿਆ ਕੋਰੋਨਾ ਦਾ ਗੜ੍ਹ, ਹੋ ਸਕਦੀ ਹੈ ਤਾਲਾਬੰਦੀ
ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਇਸੇ ਹਫਤੇ ਦੂਜੀ ਵਾਰ ਕੋਰੋਨਾ ਵਾਇਰਸ ਦੇ ਮਾਮਲੇ 300 ਤੋਂ ਪਾਰ ਦਰਜ ਹੋਏ ਹਨ। ਤਿੰਨ ਦਿਨ ਪਹਿਲਾਂ ਵੀ ਇੱਥੇ ਕੋਰੋਨਾ ਦੇ 300 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਕੋਰੋਨਾ ਮਾਮਲੇ ਵੱਧ ਦਰਜ ਹੁੰਦੇ ਰਹੇ ਤਾਂ ਉਹ ਇਕ ਵਾਰ ਫਿਰ ਸੂਬੇ ਵਿਚ ਤਾਲਾਬੰਦੀ ਕਰਨ ਲਈ ਮਜਬੂਰ ਹੋ ਜਾਣਗੇ।
ਸੂਬੇ ਦੇ ਸਿਹਤ ਮੰਤਰੀ ਮੁਤਾਬਕ ਇੱਥੇ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 315 ਮਾਮਲੇ ਦਰਜ ਹੋਏ ਹਨ। ਇਸ ਤੋਂ ਇਕ ਦਿਨ ਪਹਿਲਾਂ 251 ਮਾਮਲੇ ਦਰਜ ਹੋਏ ਸਨ।
ਜੂਨ ਤੋਂ ਬਾਅਦ ਇਸੇ ਹਫਤੇ ਕੋਰੋਨਾ ਦੇ ਮਾਮਲੇ 300 ਤੋਂ ਪਾਰ ਦਰਜ ਹੋ ਰਹੇ ਹਨ। 6 ਜੂਨ ਨੂੰ 387 ਮਾਮਲੇ ਦਰਜ ਹੋਏ ਸਨ। ਹਫਤੇ ਦੀ ਔਸਤ ਮੁਤਾਬਕ 243 ਮਾਮਲੇ ਬਣਦੇ ਹਨ ਜਦ ਕਿ ਇਹ ਪਿਛਲੇ ਮਹੀਨੇ ਕਾਫੀ ਘੱਟ ਦਰਜ ਹੋਏ ਸਨ। ਸਭ ਤੋਂ ਵੱਧ ਮਾਮਲੇ ਗ੍ਰੇਟਰ ਟੋਰਾਂਟੋ ਏਰੀਏ ਦੇ ਹਨ ਅਤੇ ਲੱਗ ਰਿਹਾ ਹੈ ਕਿ ਇੱਥੇ ਵਧੇਰੇ ਸਖ਼ਤ ਪਾਬੰਦੀਆਂ ਲੱਗ ਸਕਦੀਆਂ ਹਨ। ਬੁੱਧਵਾਰ ਨੂੰ ਟੋਰਾਂਟੋ ਤੋਂ 77, ਪੀਲ ਰੀਜਨ ਤੋਂ 54 ਮਾਮਲੇ ਦਰਜ ਹੋਏ ਹਨ ਜਦਕਿ ਯਾਰਕ ਰੀਜਨ ਤੇ ਦੁਰਹਾਮ ਰੀਜਨ ਇਨ੍ਹਾਂ ਤੋਂ ਪਿੱਛੇ ਰਹੇ ਜਿੱਥੇ ਕ੍ਰਮਵਾਰ 37 ਅਤੇ 24 ਨਵੇਂ ਮਾਮਲੇ ਦਰਜ ਹੋਏ ਹਨ। ਓਟਾਵਾ ਅਜੇ ਵੀ ਕੋਰੋਨਾ ਦਾ ਗੜ੍ਹ ਬਣਿਆ ਨਜ਼ਰ ਆ ਰਿਹਾ ਹੈ, ਜਿੱਥੇ 61 ਨਵੇਂ ਮਾਮਲੇ ਦਰਜ ਹੋਏ ਹਨ।
ਇਸ ਸਮੇਂ ਓਂਟਾਰੀਓ ਸੂਬੇ ਵਿਚ 2,316 ਕਿਰਿਆਸ਼ੀਲ ਮਾਮਲੇ ਹਨ ਤੇ ਸਭ ਤੋਂ ਵੱਧ 691 ਮਾਮਲੇ ਟੋਰਾਂਟੋ ਤੋਂ ਹੀ ਹਨ। ਬੁੱਧਵਾਰ ਨੂੰ ਸੂਬੇ ਵਿਚ 28,761 ਲੋਕਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 1.1 ਫੀਸਦੀ ਲੋਕ ਪਾਜ਼ੀਟਿਵ ਪਾਏ ਗਏ ਹਨ। ਬੁੱਧਵਾਰ ਨੂੰ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 2,822 ਹੋ ਗਈ ਹੈ।