ਓਂਟਾਰੀਓ ਦੀ ਕੈਬਨਿਟ ’ਚ ਤਿੰਨ ਪੰਜਾਬੀ ਸ਼ਾਮਲ
ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕੈਬਨਿਟ ’ਚ ਤਿੰਨ ਹੋਰ ਪੰਜਾਬੀ ਮੂਲ ਦੇ ਆਗੂਆਂ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਓਂਟਾਰੀਓ ਦੇ ਪ੍ਰੀਮੀਅਰ ਡੋਅ ਫੋਰਡ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ’ਚ ਫੇਰਬਦਲ ਕੀਤਾ। ਕਰੋਨਾ ਮਹਾਮਾਰੀ ਦੌਰਾਨ ਕੈਰੇਬੀਅਨ ਮੁਲਕ ’ਚ ਛੁੱਟੀ ਮਨਾਉਣ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਵਿੱਤ ਮੰਤਰੀ ਰੋਡ ਫਿਲਿਪਸ ਨੂੰ ਲੰਬੇ ਸਮੇਂ ਦੀ ਦੇਖਭਾਲ ਮਹਿਕਮੇ ਦੇ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਸੂਬੇ ’ਚ ਅਗਲੇ ਵਰ੍ਹੇ ਜੂਨ ’ਚ ਚੋਣਾਂ ਹੋਣ ਵਾਲੀਆਂ ਹਨ ਅਤੇ ਉਸ ਤੋਂ ਇਕ ਸਾਲ ਪਹਿਲਾਂ ਪਹਿਲਾਂ ਮੰਤਰੀ ਮੰਡਲ ’ਚ ਬਦਲਾਅ ਕੀਤਾ ਗਿਆ ਹੈ। ਪਿਛਲੇ ਮੰਤਰੀ ਮੰਡਲ ’ਚ ਭਾਰਤੀ-ਕੈਨੇਡਿਆਈ ਪ੍ਰਭਮੀਤ ਸਰਕਾਰੀਆ (30) ਨੂੰ ਤਰੱਕੀ ਦੇ ਕੇ ਖ਼ਜ਼ਾਨਾ ਬੋਰਡ ਦਾ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਪਰਮ ਗਿੱਲ ਅਤੇ ਨੀਨਾ ਟਾਂਗਰੀ ਨੂੰ ਮੰਤਰੀ ਮੰਡਲ ’ਚ ਥਾਂ ਦਿੱਤੀ ਗਈ ਹੈ। ਮੋਗਾ ’ਚ ਜਨਮੇ ਗਿੱਲ ਨੂੰ ਨਾਗਰਿਕਤਾ ਅਤੇ ਬਹੁਸੱਭਿਆਚਾਰਵਾਦ ਦਾ ਵਿਭਾਗ ਮਿਲਿਆ ਹੈ ਜਦਕਿ ਨੀਨਾ ਨੂੰ ਛੋਟੇ ਕਾਰੋਬਾਰ ਅਤੇ ਲਾਲ ਫੀਤਾਸ਼ਾਹੀ ’ਚ ਕਮੀ ਵਿਭਾਗ ’ਚ ਸਹਾਇਕ ਮੰਤਰੀ ਬਣਾਇਆ ਗਿਆ ਹੈ। ਨੀਨਾ ਟਾਂਗਰੀ ਦਾ ਪਰਿਵਾਰ ਜਲੰਧਰ ਨੇੜੇ ਬਿਲਗਾ ਤੋਂ ਹੈ। ਇਸ ਤੋਂ ਪਹਿਲਾਂ ਉਹ ਆਰਥਿਕ ਵਿਕਾਸ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ ਮਾਮਲਿਆਂ ਦੇ ਮੰਤਰੀ ਦੀ ਪਾਰਲੀਮਾਨੀ ਸਹਾਇਕ ਵਜੋਂ ਸੇਵਾਵਾਂ ਦੇ ਰਹੀ ਸੀ। ਪਰਮ ਗਿੱਲ (47) ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਲੋਕ ਉਸ ਨੂੰ ਮੰਤਰੀ ਦਾ ਅਹੁਦਾ ਮਿਲਣ ਤੋਂ ਹੈਰਾਨ ਹਨ। ਗਿੱਲ ਨੇ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਉਹ ਮੰਤਰੀ ਬਣ ਸਕਦਾ ਹੈ ਜਿਸ ਦਾ ਪਾਲਣ-ਪੋਸ਼ਣ ਸਿਰਫ਼ ਮਾਂ ਨੇ ਹੀ ਕੀਤਾ ਹੋਵੇ। ਸਿਆਸੀ ਮਾਹਿਰਾਂ ਮੁਤਾਬਕ ਮੰਤਰੀ ਮੰਡਲ ’ਚ ਫੇਰਬਦਲ ਭਾਰਤੀ-ਕੈਨੇਡੀਅਨ ਵੋਟਾਂ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਹੈ।