ਓਲੀ ਤੇ ਪ੍ਰਚੰਡ ਵਿਚਾਲੇ ਹੋਈ ਵਾਰਤਾ ਨਾਕਾਮ
ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਹੁਕਮਰਾਨ ਨੇਪਾਲ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਪੁਸ਼ਪ ਕਮਲ ਦਹਲ ‘ਪ੍ਰਚੰਡ’ ਵਿਚਕਾਰ ਸੱਤਾ ਦੀ ਭਾਈਵਾਲੀ ਨੂੰ ਲੈ ਕੇ ਅੱਜ ਹੋਈ ਵਾਰਤਾ ਨਾਕਾਮ ਹੋ ਗਈ। ਊਂਜ ਦੋਵੇਂ ਆਗੂਆਂ ਨੇ ਮੱਤਭੇਦਾਂ ਨੂੰ ਸੁਲਝਾਊਣ ਲਈ ਭਲਕੇ ਮੁੜ ਮੁਲਾਕਾਤ ਲਈ ਸਹਿਮਤੀ ਦੇ ਦਿੱਤੀ ਹੈ। ਸੀਨੀਅਰ ਆਗੂਆਂ ਮਾਧਵ ਨੇਪਾਲ ਅਤੇ ਝਾਲਾਨਾਥ ਖਨਲ ਸਮੇਤ ਪ੍ਰਚੰਡ ਧੜੇ ਵੱਲੋਂ ਓਲੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਮੁਖੀ ਵਜੋਂ ਅਸਤੀਫ਼ਾ ਦੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਓਲੀ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਦੋਵੇਂ ਆਗੂ ਆਪਣੇ ਸਟੈਂਡ ’ਤੇ ਅੜੇ ਰਹੇ ਜਿਸ ਕਰਕੇ ਵਾਰਤਾ ਸਫ਼ਲ ਨਹੀਂ ਹੋ ਸਕੀ। ਊਂਜ ਪਾਰਟੀ ਦੀ ਸਟੈਂਡਿੰਗ ਕਮੇਟੀ ਦੀ ਬੈਠਕ ਵੀ ਸੋਮਵਾਰ ਨੂੰ ਹੋਣੀ ਹੈ ਜਿਸ ’ਚ 68 ਵਰ੍ਹਿਆਂ ਦੇ ਪ੍ਰਧਾਨ ਮੰਤਰੀ ਦੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਹੋ ਸਕਦਾ ਹੈ। ਇਸ ਦੌਰਾਨ ਓਲੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦਿਓਬਾ ਨਾਲ ਮੁਲਾਕਾਤ ਕੀਤੀ। ਬੈਠਕ ਦੇ ਵੇਰਵੇ ਹਾਸਲ ਨਹੀਂ ਹੋ ਸਕੇ ਪਰ ਮੰਨਿਆ ਜਾ ਰਿਹਾ ਹੈ ਕਿ ਓਲੀ ਨੇ ਦਿਓਬਾ ਦੀ ਪਾਰਟੀ ਤੋਂ ਆਪਣੀ ਸਰਕਾਰ ਨੂੰ ਬਚਾਊਣ ਲਈ ਹਮਾਇਤ ਮੰਗੀ ਹੈ।