ਔਰਤਾਂ ’ਤੇ ‘ਜ਼ੁਲਮ’ ਖ਼ਿਲਾਫ਼ ਪੂਰੀ ਦੁਨੀਆਂ ਵਿੱਚ ਹੋਈਆਂ ਰੈਲੀਆਂ
ਔਰਤਾਂ ਖਿਲਾਫ਼ ਹਿੰਸਾ ਦੇ ਖਾਤਮੇ ਲਈ ਮਨਾਏ ਜਾਂਦੇ ਕੌਮਾਂਤਰੀ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਦੁਨੀਆਂ ਭਰ ਵਿੱਚ ਰੈਲੀਆਂ ਕੀਤੀਆਂ। ਫਰਾਂਸ ਨੇ ਘਰੇਲੂ ਹਿੰਸਾ ਨਾਲ ਸਿੱਝਣ ਲਈ ਕਈ ਕਦਮ ਚੁੱਕੇ ਹਨ। ਵੱਖ ਵੱਖ ਮੁਲਕਾਂ ਜਿਵੇਂ ਗੁਆਟੇਮਾਲਾ, ਰੂਸ, ਸੁਡਾਨ ਅਤੇ ਤੁਰਕੀ ਵਿੱਚ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਇਕੱਠੇ ਹੋਏ। ਇਸੰਤਬੁਲ ਵਿੱਚ ਪੁਲੀਸ ਨੇ ਮੁਜ਼ਾਹਰਾਕਾਰੀਆਂ ’ਤੇ ਅਥਰੂ ਗੈਸ ਦੇ ਗੋਲੇ ਸੁੱਟੇ ਤੇ ਭੀੜ ਨੂੰ ਖਿੰਡਾਉਣ ਲਈ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ। ਫਰਾਂਸ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਡਾਕਟਰਾਂ ਲਈ ਹਿੰਸਾ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਔਰਤਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਦੇ ਤਰੀਕੇ ਨੂੰ ਸੌਖਾ ਬਣਾਏਗੀ ਅਤੇ ਮਨੋਵਿਗਿਆਨਕ ਧੋਖਾਧੜੀ ਦੀ ਧਾਰਨਾ ਨੂੰ ਕਾਨੂੰਨ ਵਿੱਚ ਸ਼ਾਮਲ ਕਰੇਗੀ। ਸੰਯੁਕਤ ਰਾਸ਼ਟਰ ਦੇ ਇਕ ਅੰਦਾਜ਼ੇ ਮੁਤਾਬਕ 2017 ਵਿੱਚ ਪੂਰੀ ਦੁਨੀਆਂ ਵਿੱਚ 87000 ਔਰਤਾਂ ਅਤੇ ਲੜੀਕਆਂ ਦੀ ਹੱਤਿਆ ਕੀਤੀ ਗਈ। ਇਸ ਮੌਕੇ ਆਈਫਿਲ ਟਾਵਰ ਦੀਆਂ ਲਾਈਟਾਂ ਇਕ ਮਿੰਟ ਲਈ ਬੰਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਸੋਮਵਾਰ ਨੂੰ ਖੁੱਲ੍ਹੀ ਚਿੱਠੀ ਵਿੱਚ ਦਰਜਨ ਤੋਂ ਵਧ ਜੱਜਾਂ ਨੇ ਔਰਤਾਂ ਤੋਂ ਅਜਿਹੀ ਪ੍ਰਣਾਲੀ ਵਿੱਚ ਵਿਸ਼ਵਾਸ ਕਰਨ ਦੀ ਅਪੀਲ ਕੀਤੀ ਹੈ ਜੋ ਆਪਣੇ ਆਪ ਵਿੱਚ ਸੁਧਾਰ ਕਰ ਰਹੀ ਹੈ ਤੇ ਉਸ ਅਨੁਸਾਰ ਚੱਲ ਰਹੀ ਹੈ।