ਕਨ੍ਹੱਈਆ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਵਿਰੁੱਧ ਸਿਆਸੀ ਤੇ ਕਾਨੂੰਨੀ ਲੜਾਈ ਲੜੇਗੀ ਸੀਪੀਆਈ

ਕਨ੍ਹੱਈਆ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਵਿਰੁੱਧ ਸਿਆਸੀ ਤੇ ਕਾਨੂੰਨੀ ਲੜਾਈ ਲੜੇਗੀ ਸੀਪੀਆਈ

ਸੀਪੀਆਈ ਨੇ ਅੱਜ ਕਿਹਾ ਹੈ ਕਿ ਪਾਰਟੀ ਆਗੂ ਕਨ੍ਹੱਈਆ ਕੁਮਾਰ ਖ਼ਿਲਾਫ਼ ਦੇਸ਼ਧ੍ਰੋਹ ਕੇਸ ਨੂੰ ਪਾਰਟੀ ‘ਕਾਨੂੰਨੀ ਤੇ ਸਿਆਸੀ’ ਦੋਹਾਂ ਫ਼ਰੰਟਾਂ ’ਤੇ ਲੜੇਗੀ। ਸੀਪੀਆਈ ਨੇ ਕੌਮੀ ਰਾਜਧਾਨੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ‘ਸਿਆਸੀ ਦਬਾਅ ਹੇਠ ਦਮ ਤੋੜਨ’ ਦਾ ਦੋਸ਼ ਲਗਾਇਆ ਹੈ।
ਸੀਪੀਆਈ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ, ‘‘ਭਾਰਤੀ ਕਮਿਊਨਿਸਟ ਪਾਰਟੀ ਦਾ ਕੌਮੀ ਸਕੱਤਰੇਤ ਪਾਰਟੀ ਦੇ ਕੌਮੀ ਕਾਰਜਕਾਰੀ ਮੈਂਬਰ ਤੇ ਜੇਐੱਨਯੂਐੱਸਯੂ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਖ਼ਿਲਾਫ਼ ਦੇਸ਼ਧ੍ਰੋਹ ਕੇਸ ਨੂੰ ਕਾਨੂੰਨੀ ਤੇ ਸਿਆਸੀ ਤੌਰ ਦੋਵੇਂ ਤਰ੍ਹਾਂ ਨਾਲ ਲੜੇਗਾ। ਪਾਰਟੀ ਨੂੰ ਭਰੋਸਾ ਹੈ ਕਿ ਕਨ੍ਹੱਈਆ ਕੁਮਾਰ ਬਾ-ਇੱਜ਼ਤ ਬਰੀ ਹੋਵੇਗਾ ਕਿਉਂਕਿ ਇਹ ਦੋਸ਼ ਗ਼ਲਤ ਤੇ ਸਿਆਸਤ ਤੋਂ ਪ੍ਰਭਾਵਿਤ ਹਨ।’’
ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਮਹਿਸੂਸ ਕਰਦੀ ਹੈ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿਆਸੀ ਦਬਾਅ ਹੇਠ ਦਮ ਤੋੜ ਦਿੱਤਾ ਅਤੇ ਕਨ੍ਹੱਈਆ ਕੁਮਾਰ ਤੇ ਹੋਰਨਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਬਿਆਨ ਅਨੁਸਾਰ, ‘‘ਇਹ ਚੇਤੇ ਕਰਵਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਰੂ ਵਿੱਚ ਖ਼ੁਦ ਕਿਹਾ ਸੀ ਕਿ ਕਨ੍ਹੱਈਆ ਕੁਮਾਰ ਖ਼ਿਲਾਫ਼ ਦੇਸ਼ਧ੍ਰੋਹ ਦਾ ਕੋਈ ਕੇਸ ਨਹੀਂ ਹੈ ਅਤੇ ਇਸ ਸਬੰਧੀ ਵੀਡੀਓਜ਼ ਫ਼ਰਜ਼ੀ ਹਨ। ਸਾਨੂੰ ਇਸ ਗੱਲ ਦਾ ਪਤਾ ਲਾਉਣਾ ਅਜੇ ਬਾਕੀ ਹੈ ਕਿ ਅਚਾਨਕ ਇਹ ਦਿਲੀ ਤਬਦੀਲੀ ਕਿਉਂ ਹੋਈ।’’
ਪਾਰਟੀ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਦਿੱਲੀ ਸਰਕਾਰ ਵੱਲੋਂ ਮੁਕੱਦਮਾ ਚਲਾਉਣ ਦੀ ਦਿੱਤੀ ਗਈ ਮਨਜ਼ੂਰੀ ਸਬੰਧੀ ਹੁਕਮਾਂ ਦੀ ਕਾਪੀ ਲੈਣਗੇ।
ਉੱਧਰ, ਇਸ ਮਾਮਲੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਅਜੇ ਤਾਈਂ ਚੁੱਪ ਧਾਰੀ ਹੋਈ ਹੈ।

Radio Mirchi