ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ
ਰਾਮਾਂ ਮੰਡੀ ਨੇੜਲੇ ਪਿੰਡ ਮਾਨਵਾਲਾ ਅਤੇ ਚਮਕੌਰ ਸਾਹਿਬ ਨੇੜਲੇ ਪਿੰਡ ਲੁਠੇੜੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਮਾਨਵਾਲਾ ਦੇ ਕਿਸਾਨ ਗੁਰਜੰਟ ਸਿੰਘ (48) ਪੁੱਤਰ ਕੌਰ ਸਿੰਘ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕੀਤੀ। ਮ੍ਰਿਤਕ ਕਿਸਾਨ ਦੀ ਪਤਨੀ ਨੇ ਰਾਮਾਂ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਕਰੀਬ ਸੱਤ ਏਕੜ ਜ਼ਮੀਨ ਹੈ ਅਤੇ ਉਨ੍ਹਾਂ ਸਿਰ ਸੱਤ ਲੱਖ ਰੁਪਏ ਕਰਜ਼ਾ ਹੈ। ਜ਼ਮੀਨ ਦੀ ਪੈਦਾਵਾਰ ਨਾਲ ਗੁਜ਼ਾਰਾ ਨਾ ਹੋਣ ਕਾਰਨ ਉਸ ਦਾ ਪਤੀ ਪਿੰਡ ’ਚ ਡਾਕਟਰੀ ਕਰਦਾ ਸੀ ਪਰ ਕਰਜ਼ੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਬੀਤੀ ਸ਼ਾਮ ਉਸ ਨੇ ਖੇਤ ਜਾ ਕੇ ਜ਼ਹਿਰ ਨਿਗਲ ਲਿਆ। ਉਸ ਨੂੰ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਰਾਮਾਂ ਪੁਲੀਸ ਨੇ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ।
ਦੂਜੇ ਘਟਨਾ ਵਿੱਚ ਚਮਕੌਰ ਸਾਹਿਬ ਨੇੜਲੇ ਪਿੰਡ ਲੁਠੇੜੀ ਦੇ ਖੇਤਾਂ ਵਿੱਚ ਰਹਿੰਦੇ ਕਿਸਾਨ ਅਮਰੀਕ ਸਿੰਘ (85) ਨੇ ਆਪਣੇ ਘਰ ਨੇੜੇ ਦਰੱਖਤ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਅਮਰੀਕ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿਰ ਸਾਢੇ ਚਾਰ ਲੱਖ ਰੁਪਏ ਕਰਜ਼ਾ ਹੈ, ਜਿਸ ਕਾਰਨ ਉਸ ਦਾ ਪਿਤਾ ਪ੍ਰੇਸ਼ਾਨ ਰਹਿੰਦਾ ਸੀ। ਉਹ ਇਸ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਵੀ ਅਸਮਰੱਥ ਸਨ, ਜਿਸ ਕਾਰਨ ਪ੍ਰੇਸ਼ਾਨ ਹੋਏ ਉਸ ਦੇ ਪਿਤਾ ਨੇ ਦਰੱਖ਼ਤ ਨਾਲ ਫਾਹਾ ਲੈ ਲਿਆ। ਪੁਲੀਸ ਨੇ ਕੇਸ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।