ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਮਝੌਤਾ ਸਹੀਬੰਦ
ਡੇਰਾ ਬਾਬਾ ਨਾਨਕ-ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਕਸ਼ਮੀਰ ਮੁੱਦੇ ’ਤੇ ਦੋਵਾਂ ਮੁਲਕਾਂ ਵਿੱਚ ਜਾਰੀ ਤਲਖੀ ਨੂੰ ਲਾਂਭੇ ਰੱਖਦਿਆਂ ਅੱਜ ਇਥੇ ਕਰਤਾਰਪੁਰ ਲਾਂਘੇ ਲਈ ਅਹਿਮ ਮੰਨੇ ਜਾਂਦੇ ਸਮਝੌਤੇ ’ਤੇ ਸਹੀ ਪਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਸਮਝੌਤੇ ਤਹਿਤ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਲਾਂਘੇ ਰਾਹੀਂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਦੀ ਦੂਰੀ ’ਤੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੇ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਇਕ ਸਧਾਰਨ ਜਿਹੀ ਰਸਮ ਮੌਕੇ ਸਮਝੌਤਾ ਸਹੀਬੰਦ ਕੀਤਾ। ਭਾਰਤ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਐੱਸ.ਸੀ.ਐੱਲ.ਦਾਸ ਜਦੋਂਕਿ ਪਾਕਿਸਤਾਨ ਵੱਲੋਂ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਰਾਰ ’ਤੇ ਸਹੀ ਪਾਈ। ਉਂਜ, ਪਾਕਿਸਤਾਨ ਨੇ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਅਮਰੀਕੀ ਡਾਲਰ ਵਸੂਲਣ ਦੀ ਆਪਣੀ ਅੜੀ ਬਰਕਰਾਰ ਰੱਖੀ। ਸਮਝੌਤੇ ਤਹਿਤ ਹਰ ਸ਼ਰਧਾਲੂ ਨੂੰ ਹੁਣ ਇਹ ਫੀਸ ਤਾਰਨੀ ਹੋਵੇਗੀ। ਸਮਝੌਤਾ ਤਿੰਨ ਗੇੜਾਂ ਦੀ ਗੱਲਬਾਤ ਮਗਰੋਂ ਸਿਰੇ ਚੜ੍ਹਿਆ ਹੈ। ਭਾਰਤੀ ਸ਼ਰਧਾਲੂ 10 ਨਵੰਬਰ ਤੋਂ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੇ ਮੁੱਢਲੇ ਦਿਨਾਂ ਦੌਰਾਨ ਸ਼ਰਧਾਲੂ ਅਸਥਾਈ ਪੁਲ/ਆਮ ਰਸਤੇ ਰਾਹੀਂ ਪਹਿਲਾਂ ਪਾਕਿਸਤਾਨ ਦੀ ਇੰਟੇਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਤੱਕ ਪਹੁੰਚ ਕਰਨਗੇ। ਸਥਾਈ ਪੁਲ ਬਣਨ ਮਗਰੋਂ ਸ਼ਰਧਾਲੂ ਉਸ ਉੁਪਰੋਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਇਸ ਮੌਕੇ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਬਿੰਦ ਮੋਹਨ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਉੱਚ ਅਧਿਕਾਰੀ, ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ ਇਸ ਇਤਿਹਾਸਿਕ ਪਲ ਦੇ ਗਵਾਹ ਬਣੇ। ਕਾਬਿਲੇਗੌਰ ਹੈ ਕਿ ਭਾਰਤ ਨੇ ਜ਼ੀਰੋ ਲਾਈਨ ਤੱਕ ਸਥਾਈ ਪੁਲ ਬਣਾ ਦਿੱਤਾ ਹੈ, ਜਦੋਂਕਿ ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਆਉਂਦੇ ਦੋ-ਤਿੰਨ ਮਹੀਨਿਆਂ ਅੰਦਰ ਉਨ੍ਹਾਂ ਵਾਲੇ ਪਾਸੇ ਪੁਲ ਉਸਾਰ ਲਿਆ ਜਾਵੇਗਾ। ਉਂਜ, ਲੰਘੇ ਹਫਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਭਾਰਤੀ ਪਾਸੇ ਪੁਲ ਦੇ ਕੰਮ ਨੂੰ ਉਸ ਸਮੇਂ ਤੱਕ ਰੋਕਣ ਦੇ ਆਦੇਸ਼ ਦਿੱਤੇ ਸਨ, ਜਦੋਂ ਤੱਕ ਪਾਕਿਸਤਾਨ ਸਰਕਾਰ ਆਪਣੇ ਪਾਸੇ ਕੰਮ ਸ਼ੁਰੂ ਨਹੀਂ ਕਰਦੀ।