ਕਰਤਾਰਪੁਰ ਲਾਂਘਾ ਪ੍ਰਾਜੈਕਟ 8 ਨਵੰਬਰ ਤੋਂ ਪਹਿਲਾਂ ਬੀਐੱਸਐੱਫ ਅਧੀਨ ਹੋਵੇਗਾ

ਕਰਤਾਰਪੁਰ ਲਾਂਘਾ ਪ੍ਰਾਜੈਕਟ 8 ਨਵੰਬਰ ਤੋਂ ਪਹਿਲਾਂ ਬੀਐੱਸਐੱਫ ਅਧੀਨ ਹੋਵੇਗਾ

ਡੇਰਾ ਬਾਬਾ ਨਾਨਕ-ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਸਾਹਿਬ ਕੋਰੀਡੋਰ ਇਮੀਗ੍ਰੇਸ਼ਨ ਚੈੱਕ ਪੋਸਟ (ਆਈਪੀਸੀ) ਨੂੰ ਸੀਮਾ ਸੁਰੱਖਿਆ ਬਲ (ਬੀਐੱਸਐੱਫ)ਦੇ ਵਿਸ਼ੇਸ਼ ਦਸਤੇ ਹਵਾਲੇ ਕਰਨ ਦੀ ਆਗਿਆ ਦੇ ਦਿੱਤੀ ਹੈ। ਸੀਮਾ ਸੁਰੱਖਿਆ ਬਲ ਵਲੋਂ 8 ਨਵੰਬਰ ਤੋਂ ਪਹਿਲਾਂ ਪਹਿਲਾਂ ਚੈੱਕ ਪੋਸਟ ਦਾ ਚਾਰਜ ਸੰਭਾਲ ਲੈਣ ਦੀ ਉਮੀਦ ਹੈ। ਸੀਮਾ ਸੁਰੱਖਿਆ ਬਲ ਦੇ ਵਿਸ਼ੇਸ਼ ਦਸਤਿਆਂ ਦੇ ਇੱਕ ਦੋ ਦਿਨ ਵਿੱਚ ਪੁੱਜ ਜਾਣ ਦੀ ਸੰਭਾਵਨਾ ਹੈ ਅਤੇ ਇਹ ਦਸਤੇ ‘ਪੈਸੇਂਜਰ ਟਰਮੀਨਲ ਬਿਲਡਿੰਗ’ ਅਤੇ 4.2 ਕਿਲੋਮੀਟਰ ਲਾਂਘੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲੈਣਗੇ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿੱਚ ਤਿਆਰ ਕੀਤਾ ਜਾ ਰਿਹਾ ਪ੍ਰਾਜੈਕਟ ਲੈਂਡ ਪੋਰਟ ਅਥਾਰਟੀ ਆਫ ਇੰਡੀਆਂ ਨੂੰ ਸੌਂਪਿਆ ਹੋਇਆ ਹੈ। ਅਧਿਕਾਰੀਆਂ ਨੇ ਇੱਥੇ ਤਾਇਨਾਤ ਕੀਤੀਆਂ ਜਾ ਰਹੀਆਂ ਕੰਪਨੀਆਂ ਦੀ ਗਿਣਤੀ ਬਾਰੇ ਸੁਰੱਖਿਆ ਕਾਰਨਾਂ ਕਰਕੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੇ 8 ਨਵੰਬਰ ਨੂੰ ਉਦਘਾਟਨ ਤੋਂ ਪਹਿਲਾਂ ਸਮੁੱਚੀ ਆਈਸੀਪੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਦੇ ਵਿਸ਼ੇਸ਼ ਦਸਤਿਆਂ ਹਵਾਲੇ ਹੋਵੇਗੀ।
ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਵੀ ਸਰਹੱਦ ਉੱਤੇ ਜ਼ੀਰੋ ਲਾਈਨ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ ਅਤੇ ਪੰਜਾਬ ਪੁਲੀਸ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ। ਟਰਮੀਨਲ ਉੱਤੇ ਸ਼ਰਧਾਲੂਆਂ ਦੀ ਸਹਾਇਤਾ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਨਾਲ ਨਾਲ ਕਸਟਮ ਅਤੇ ਸੂਬਾ ਪੁਲੀਸ ਦੇ ਮੁਲਾਜ਼ਮ ਵੀ ਤਾਇਨਾਤ ਹੋਣਗੇ। ਆਮ ਤੌਰ ਉੱਤੇ ਇਮੀਗ੍ਰੇਸ਼ਨ ਡਿਊਟੀ ਉੱਤੇ ਸੈਂਟਰਲ ਇੰਡਸਟ੍ਰੀਅਲ ਫੋਰਸ ਨੂੰ ਤਾਇਨਾਤਾ ਕੀਤਾ ਜਾਂਦਾ ਹੈ ਪਰ ਸਰਹੱਦ ਉੱਤੇ ਹੋਣ ਕਾਰਨ ਇਥੇ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਨੂੰ ਸੌਂਪੀ ਗਈ ਹੈ।

Radio Mirchi