ਕਰਤਾਰਪੁਰ ਲਾਂਘਾ ਫ਼ੌਜ ਮੁਖੀ ਦੇ ਯਤਨਾਂ ਨਾਲ ਖੁੱਲ੍ਹਿਆ: ਪਾਕਿ ਮੰਤਰੀ
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਦਾਅਵਾ ਕੀਤਾ ਹੈ ਕਿ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘਾ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਯਤਨਾਂ ਨਾਲ ਖੁਲ੍ਹਿਆ ਹੈ। ਉਨ੍ਹਾਂ ਕਿਹਾ ਕਿ ਜਨਰਲ ਬਾਜਵਾ ਦੇ ਇਹ ਕਦਮ ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ। ਰੇਲ ਮੰਤਰੀ ਦਾ ਇਹ ਬਿਆਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਹਿਲਕਦਮੀ ਨੂੰ ਵੀ ਝੁਠਲਾਉਂਦਾ ਹੈ ਕਿਉਂਕਿ ਪਾਕਿਸਤਾਨ ਦਾਅਵਾ ਕਰਦਾ ਆਇਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਸਿਹਰਾ ਇਮਰਾਨ ਖ਼ਾਨ ਦੇ ਸਿਰ ਬੱਝਦਾ ਹੈ।
ਇਮਰਾਨ ਖ਼ਾਨ ਦੇ ਨਜ਼ਦੀਕੀ ਮੰਨੇ ਜਾਂਦੇ ਰੇਲ ਮੰਤਰੀ ਨੇ ਕਿਹਾ,‘‘ਜਨਰਲ ਬਾਜਵਾ ਨੇ ਲਾਂਘਾ ਖੁਲ੍ਹਵਾ ਕੇ ਭਾਰਤ ਨੂੰ ਤਿੱਖੀ ਮਾਰ ਮਾਰੀ ਹੈ। ਉਂਜ ਇਸ ਪ੍ਰਾਜੈਕਟ ਨਾਲ ਪਾਕਿਸਤਾਨ ਨੇ ਸ਼ਾਂਤੀ ਦਾ ਨਵਾਂ ਮਾਹੌਲ ਬਣਾਇਆ ਹੈ ਅਤੇ ਸਿੱਖਾਂ ਦੇ ਦਿਲ ਜਿੱਤੇ ਹਨ।’’ ਸ਼ੇਖ਼ ਰਾਸ਼ਿਦ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਜਨਰਲ ਬਾਜਵਾ ਦੇ ਸੇਵਾਕਾਲ ’ਚ ਵਿਸਥਾਰ ਦਾ ਮੁੱਦਾ ਭਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਸਰਕਾਰ ਦੇ ਤਿੰਨ ਹੋਰ ਸਾਲ ਬਾਕੀ ਹਨ ਅਤੇ ਬਾਜਵਾ ਦਾ ਕਾਰਜਕਾਲ ਛੇ ਮਹੀਨੇ ਨਹੀਂ ਸਗੋਂ ਤਿੰਨ ਸਾਲਾਂ ਲਈ ਵਧਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਜਿਸ ਤੋਂ ਭਾਵ ਹੈ ਕਿ ਜਨਰਲ ਬਾਜਵਾ ਇਮਰਾਨ ਖ਼ਾਨ ਸਰਕਾਰ ਨੂੰ ਅਸਿੱਧੇ ਤੌਰ ’ਤੇ ਹਮਾਇਤ ਦੇਣਗੇ। ਜ਼ਿਕਰਯੋਗ ਹੈ ਕਿ ਜਨਰਲ ਬਾਜਵਾ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦੌਰਾਨ ਹਾਜ਼ਰੀ ਨਹੀਂ ਭਰੀ ਸੀ ਤਾਂ ਜੋ ਕੋਈ ਵਿਵਾਦ ਪੈਦਾ ਨਾ ਹੋਵੇ।