ਕਰਤਾਰਪੁਰ ਲਾਂਘਾ: ਭਾਰਤ-ਪਾਕਿ ਵਿਚਾਲੇ ਸਮਝੌਤੇ ਅੱਜ

ਕਰਤਾਰਪੁਰ ਲਾਂਘਾ: ਭਾਰਤ-ਪਾਕਿ ਵਿਚਾਲੇ ਸਮਝੌਤੇ ਅੱਜ

ਡੇਰਾ ਬਾਬਾ ਨਾਨਕ-ਭਾਰਤ-ਪਾਕਿਸਤਾਨ ਦੇ ਸਿਖਰਲੇ ਅਧਿਕਾਰੀਆਂ ਦੀ ਮੀਟਿੰਗ ਭਲਕੇ 24 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸੀਮਾ ਦੀ ਜ਼ੀਰੋ ਲਾਈਨ ’ਤੇ ਹੋ ਰਹੀ ਹੈ। ਇਸ ਮੀਟਿੰਗ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਸਬੰਧੀ ਕੁਝ ਸਮਝੌਤੇ ਸਹੀਬੱਧ ਕੀਤੇ ਜਾਣੇ ਹਨ। ਅੱਜ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ-ਕਮ-ਗ੍ਰਹਿ ਮੰਤਰਾਲੇ ਦੇ ਸਕੱਤਰ ਗੋਬਿੰਦ ਮੋਹਨ ਦੀ ਅਗਵਾਈ ਵਿੱਚ ਇੱਥੇ ਅਹਿਮ ਮੀਟਿੰਗ ਹੋਈ, ਜਿਸ ਵਿੱਚ ਭਲਕੇ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਅਤੇ ਚੱਲ ਰਹੇ ਕੰਮਾਂ ਬਾਰੇ ਚਰਚਾ ਕੀਤੀ ਗਈ।
ਸੂਤਰਾਂ ਅਨੁਸਾਰ ਵੀਰਵਾਰ ਨੂੰ ਹੋ ਰਹੀ ਮੀਟਿੰਗ ਵਿੱਚ ਭਾਰਤ ਦੇ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਸੀਐੱਲ ਦਾਸ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਣਗੇ ਜਦੋਂਕਿ ਪਾਕਿਸਤਾਨ ਵੱਲੋਂ ਹਮਰੁਬਤਾ ਸਮੇਤ ਹੋਰ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਧਰ ਅੱਜ ਕੌਮਾਂਤਰੀ ਸੀਮਾ ’ਤੇ ਜ਼ੀਰੋ ਲਾਈਨ ਕੋਲ ਸਾਫ਼-ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਗਿਆ ਅਤੇ ਅਧਿਕਾਰੀਆਂ ਦੀ ਬੈਠਕ ਲਈ ਬਾਕਾਇਦਾ ਤੰਬੂ ਵੀ ਲਗਾਏ ਗਏ। ਦੋਵਾਂ ਦੇਸ਼ਾਂ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਕੌਮਾਂਤਰੀ ਸੀਮਾ ਕੋਲ ਬਣਾਏ ਜਾ ਰਹੇ ਲਾਂਘੇ ਕੋਲ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਗੋਬਿੰਦ ਮੋਹਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿਚ ਵੱਖ-ਵੱਖ ਅਧਿਕਾਰੀਆਂ ਅਤੇ ਤਕਨੀਕੀ ਮਾਹਿਰਾਂ ਨੇ ਹਿੱਸਾ ਲਿਆ। ਤਕਨੀਕੀ ਮਾਹਿਰਾਂ ਨੇ ਹੁਣ ਤੱਕ ਹੋਏ ਕੰਮਾਂ ਸਬੰਧੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਆਉਂਦੇ ਕੁਝ ਦਿਨਾਂ ਤੱਕ ਲਾਂਘੇ ਦੇ ਰਹਿੰਦੇ ਕੰਮਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਚੇਅਰਮੈਨ ਨੇ ਭਾਰਤ-ਪਾਕਿਸਤਾਨ ਦੇ ਸਿਖਰਲੇ ਅਧਿਕਾਰੀਆਂ ਦੀ ਹੋ ਰਹੀ ਮੀਟਿੰਗ ਬਾਰੇ ਦੱਸਿਆ ਕਿ ਦੋਵਾਂ ਦੇਸ਼ਾਂ ਵੱਲੋਂ ਕੁਝ ਅਹਿਮ ਸਮਝੌਤੇ ਸਹੀਬੱਧ ਕੀਤੇ ਜਾਣੇ ਹਨ। ਸਮਝੌਤਿਆਂ ਬਾਰੇ ਵਾਰ-ਵਾਰ ਅਧਿਕਾਰੀਆਂ ਨੂੰ ਪੁੱਛਣ ’ਤੇ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਦੋਵਾਂ ਦੇਸ਼ਾਂ ਨੇ ਜ਼ੀਰੋ ਲਾਈਨ ’ਤੇ ਮੀਟਿੰਗ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ। ਭਾਰਤ ਵੱਲ ਜੇਸੀਬੀ ਦੀ ਮੱਦਦ ਨਾਲ ਸੀਮਾ ’ਤੇ ਪਿਆ ਲੋਹਾ, ਪੱਥਰ ਅਤੇ ਹੋਰ ਅਣਚਾਹਿਆ ਸਾਮਾਨ ਚੁੱਕਿਆ ਜਾ ਰਿਹਾ ਹੈ, ਜਦੋਂਕਿ ਪਾਕਿਸਤਾਨ ਪਾਸੇ ਵੀ ਸਾਫ਼-ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਵੱਲੋਂ ਜ਼ੀਰੋ ਲਾਈਨ ’ਤੇ ਆਪੋ-ਆਪਣੇ ਲਗਾਏ ਮੁੱਖ ਗੇਟਾਂ ਕੋਲ ਕੰਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

Radio Mirchi