ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਮੌਕੇ ਸੰਗਤ ਇਨ੍ਹਾਂ ਨਿਯਮਾਂ ਤੇ ਸ਼ਰਤਾਂ ਦੀ ਕਰੇ ਪਾਲਣਾ
ਅੰਮ੍ਰਿਤਸਰ - 550ਵੇਂ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਲਈ ਸ਼ਰਧਾਲੂਆਂ ਨੂੰ ਕੁਝ ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਜਾਣਕਾਰੀ ਅਨੁਸਾਰ 9 ਨਵੰਬਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ 'ਚ ਜਾਣ ਲਈ ਐਤਵਾਰ ਨੂੰ 260 ਸ਼ਰਧਾਲੂ ਅਤੇ ਸੋਮਵਾਰ ਨੂੰ 122 ਦੇ ਕਰੀਬ ਸ਼ਰਧਾਲੂ ਮੱਥਾ ਟੇਕ ਕੇ ਵਾਪਸ ਆਏ ਹਨ। ਕੁਝ ਸ਼ਰਧਾਲੂਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਰਤਾਰਪੁਰ ਕਾਰੀਡੋਰ ਜਾਣ ਵਾਲੇ ਦੋਵੇਂ ਦੇਸ਼ਾਂ ਨੂੰ ਉਮੀਦ ਸੀ ਕਿ 550ਵੇਂ ਪ੍ਰਕਾਸ਼ ਪੁਰਬ 'ਤੇ 5 ਹਜ਼ਾਰ ਦੇ ਕਰੀਬ ਸ਼ਰਧਾਲੂ ਪਾਕਿ ਜਾਣਗੇ ਪਰ ਅਜਿਹਾ ਨਹੀਂ ਹੋਇਆ।
ਸੂਤਰਾਂ ਮੁਤਾਬਕ ਕੋਰੀਡੋਰ 'ਚ ਭਾਰਤ ਵਲੋਂ 3.8 ਕਿ. ਮੀ. ਲੰਮੀ ਸੜਕ ਬਣਾਈ ਗਈ ਹੈ। ਪਾਕਿ ਵੱਲ ਸੜਕ ਚਾਰ ਕਿ. ਮੀ. ਲੰਮੀ ਹੈ ਅਤੇ ਇਕ ਇੰਟੀਗਰੇਟਡ ਚੈੱਕ ਪੋਸਟ ਬਣੀ ਹੈ। ਭਾਰਤ ਵਲੋਂ 300 ਫੁੱਟ ਉੱਚਾ ਤਿਰੰਗਾ ਝੰਡਾ ਲਾਇਆ ਗਿਆ ਹੈ, ਜੋ 5 ਕਿ. ਮੀ. ਦੂਰ ਤੱਕ ਵਿਖਾਈ ਦਿੰਦਾ ਹੈ। ਪਾਕਿ ਵਲੋਂ ਭਾਰਤ ਅਤੇ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ, ਨਾਲ ਹੀ ਕੁਝ ਨਿਯਮ ਨਿਰਧਾਰਤ ਕੀਤੇ ਗਏ ਹਨ। ਸ਼ਰਧਾਲੂ ਪਹਿਲਾਂ ਭਾਰਤ ਤੋਂ ਈ-ਰਿਕਸ਼ਾ ਲੈ ਕੇ ਜਾਂਦੇ ਹਨ। ਫਿਰ ਚੈੱਕ ਪੋਸਟ 'ਤੇ ਰੇਂਜਰ ਚੈੱਕ ਕਰਨ ਉਪਰੰਤ ਪਾਕਿ ਈ-ਰਿਕਸ਼ਾ ਲੈ ਕੇ ਪਾਕਿ ਇਮੀਗਰੇਸ਼ਨ 'ਤੇ ਲੈ ਕੇ ਜਾਂਦਾ ਹੈ। ਸਾਰੇ ਕਾਗਜ਼ ਚੈੱਕ ਕਰਨ ਉਪਰੰਤ ਪਾਕਿ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਨੂੰ ਮੁਫਤ ਬੱਸ ਸੇਵਾ ਉਪਲੱਬਧ ਕਰਵਾਉਂਦੀ ਹੈ। ਆਉਂਦੇ ਸਮੇਂ ਇਸੇ ਤਰ੍ਹਾਂ ਲੈ ਕੇ ਆਉਂਦੀ ਹੈ।
ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚਾਲੇ ਸਾਢੇ ਚਾਰ ਕਿਲੋਮੀਟਰ ਦਾ ਰਸਤਾ ਹੈ। ਇਸ ਲਈ ਵੀਜ਼ਾ ਦੀ ਲੋੜ ਨਹੀਂ ਪਰ ਪਾਸਪੋਰਟ ਜ਼ਰੂਰੀ ਹੋਵੇਗਾ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ 'ਤੇ ਪਾਕਿ ਮੋਹਰ ਨਹੀਂ ਲਾਉਂਦਾ। ਉਥੋਂ ਦੀ ਸਰਕਾਰ ਨੇ ਉੱਥੇ ਕੁਝ ਦੁਕਾਨਾਂ ਬਣਾਈਆਂ ਹਨ, ਜਿੱਥੇ ਸ਼ਰਧਾਲੂ ਖਾਣ-ਪੀਣ ਤੋਂ ਇਲਾਵਾ ਕੁਝ ਸਾਮਾਨ ਖਰੀਦ ਸਕਦੇ ਹਨ। ਸ਼ਾਮ 5 ਵਜੇ ਤੱਕ ਸ਼ਰਧਾਲੂਆਂ ਦੀ ਵਾਪਸੀ ਜ਼ਰੂਰੀ ਹੋਵੇਗੀ।