ਕਰਤਾਰਪੁਰ ਸੰਗਤ ਦੇ ਸਵਾਗਤ ਲਈ ਤਿਆਰ: ਇਮਰਾਨ
ਇਸਲਾਮਾਬਾਦ-ਕਰਤਾਰਪੁਰ ਕੰਪਲੈਕਸ ਅਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਕਰਤਾਰਪੁਰ ਸਾਹਿਬ ਨੇ ਪਲਕਾਂ ਵਿਛਾ ਦਿੱਤੀਆਂ ਹਨ। ਕਰਤਾਰਪੁਰ ਸਾਹਿਬ ਲਾਂਘੇ ਦੇ 9 ਨਵੰਬਰ ਨੂੰ ਉਦਘਾਟਨ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਇਹ ਤਸਵੀਰਾਂ ਆਪਣੇ ਟਵਿਟਰ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ,‘‘ਕਰਤਾਰਪੁਰ ਸਾਹਿਬ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ।’’ ਇਕ ਹੋਰ ਟਵੀਟ ’ਚ ਉਨ੍ਹਾਂ ਲਾਂਘੇ ਦੀ ਉਸਾਰੀ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਆਪਣੀ ਸਰਕਾਰ ਨੂੰ ਵਧਾਈ ਦਿੱਤੀ ਹੈ। ‘ਮੈਂ ਆਪਣੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕਰਤਾਰਪੁਰ ਨੂੰ ਰਿਕਾਰਡ ਸਮੇਂ ਦੇ ਅੰਦਰ ਤਿਆਰ ਕਰਨ ਲਈ ਵਧਾਈ ਦੇਣਾ ਚਾਹੁੰਦਾ ਹਾਂ।’ ਉਧਰ ਪਾਕਿਸਤਾਨ ਮੁਸਲਿਮ ਲੀਗ(ਨਵਾਜ਼) ਦੇ ਆਗੂ ਅਹਿਸਾਨ ਇਕਬਾਲ ਨੇ ਇਮਰਾਨ ਖ਼ਾਨ ਵੱਲੋਂ ਭਾਰਤ ਤੋਂ ਮੁਲਕ ’ਚ ਆਉਣ ਵਾਲੇ ਸਿੱਖਾਂ ਨੂੰ ਪਾਸਪੋਰਟ ਤੋਂ ਬਿਨਾਂ ਦਾਖ਼ਲਾ ਦੇਣ ਦੀ ਇਜਾਜ਼ਤ ਦੇ ਕਦਮ ਦੀ ਆਲੋਚਨਾ ਕੀਤੀ ਹੈ। ਇਕਬਾਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਵਧੀਆ ਕਦਮ ਹੈ ਪਰ ਭਾਰਤੀਆਂ ਤੋਂ ਪਾਸਪੋਰਟ ਦੀ ਸ਼ਰਤ ਹਟਾਉਣਾ ਬਹੁਤ ਵੱਡੀ ਭੁੱਲ ਹੈ।