ਕਰਫਿਊ ਹਟਣ ਮਗਰੋਂ ਹਰਿਮੰਦਰ ਸਾਹਿਬ ’ਚ ਸੰਗਤ ਦੀ ਆਮਦ ਵਧੀ
ਕਰਫਿਊ ਖ਼ਤਮ ਹੋਣ ਤੋਂ ਬਾਅਦ ਇਥੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕੰਪਲੈਕਸ ਅੰਦਰ ਤਾਂ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਕੰਪਲੈਕਸ ਦੇ ਬਾਹਰ ਅਤੇ ਗੁਰਦੁਆਰੇ ਦੇ ਰਸਤਿਆਂ ’ਚ ਲੱਗੇ ਨਾਕਿਆਂ ’ਤੇ ਨਿਯਮਾਂ ਦੀ ਅਣਦੇਖੀ ਹੋ ਰਹੀ ਹੈ, ਜੋ ਭਵਿੱਖ ਵਿਚ ਖ਼ਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ।
ਤਾਲਾਬੰਦੀ ਦੇ ਚੌਥੇ ਪੜਾਅ ਦੌਰਾਨ ਭਾਵੇਂ ਕਰਫਿਊ ਖ਼ਤਮ ਹੋ ਗਿਆ ਹੈ ਪਰ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਵਿਚ ਸ਼ਰਧਾਲੂਆਂ ਦੀ ਆਮਦ ’ਤੇ ਰੋਕ ਨੂੰ ਕਾਇਮ ਰੱਖਿਆ ਗਿਆ ਹੈ। ਫਿਰ ਵੀ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਚ ਸੰਗਤ ਦੀ ਆਮਦ ਵਿਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਇਥੇ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ’ਤੇ ਪੁਲੀਸ ਵੱਲੋਂ ਨਾਕੇ ਲਾਉਣੇ ਜਾਰੀ ਹਨ। ਘੰਟਾ ਘਰ ਵਾਲੇ ਪਾਸੇ ਆਉਣ ਵਾਲੇ ਦੋ ਰਸਤੇ ਜੱਲ੍ਹਿਆਂਵਾਲਾ ਬਾਗ ਅਤੇ ਕਟੜਾ ਆਹਲੂਵਾਲੀਆ ਸਮੇਤ ਮਾਈ ਸੇਵਾ ਵਾਲੇ ਬਾਜ਼ਾਰ ਵਿਚ ਬੈਰੀਕੇਡ ਲਾ ਕੇ ਨਾਕਾ ਲਾਇਆ ਗਿਆ ਹੈ, ਜਿੱਥੇ ਸੰਗਤ ਨੂੰ ਰੋਕਿਆ ਜਾਂਦਾ ਹੈ। ਜਦੋਂਕਿ ਬ੍ਰਹਮ ਬੂਟਾ ਮਾਰਕੀਟ ਅਤੇ ਆਟਾ ਮੰਡੀ ਰਸਤੇ ਸ਼ਰਧਾਲੂ ਆ-ਜਾ ਰਹੇ ਹਨ। ਇਥੇ ਵੀ ਨਾਕਾ ਲਾਇਆ ਹੋਇਆ ਹੈ ਪਰ ਇਥੇ ਸ਼ਰਧਾਲੂਆਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਇਨ੍ਹਾਂ ਨਾਕਿਆਂ ’ਤੇ ਸੰਗਤ ਇਕੱਠੀ ਹੋ ਜਾਂਦੀ ਹੈ, ਜਿਥੇ ਆਪਸੀ ਦੂਰੀ ਬਣਾ ਕੇ ਰੱਖਣ ਤੇ ਮਾਸਕ ਨਾ ਪਹਿਨੇ ਜਾਣ ਵਰਗੇ ਨਿਯਮਾਂ ਦੀ ਅਣਦੇਖੀ ਹੋ ਰਹੀ ਹੈ। ਇਸ ਤੋਂ ਇਲਾਵਾ ਗੁਰਦੁਆਰੇ ’ਚ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਸਕਰੀਨਿੰਗ ਲਈ ਪੱਕੇ ਕੈਂਪ ਲਾਏ ਗਏ ਹਨ ਪਰ ਇਥੇ ਅੱਜ ਸਿਹਤ ਵਿਭਾਗ ਦੇ ਮੁਲਾਜ਼ਮ ਗੈਰ-ਹਾਜ਼ਰ ਦਿਖਾਈ ਦਿੱਤੇ।
ਗੁਰਦੁਆਰੇ ਅੰਦਰ ਮਾਸਕ ਪਹਿਨਣ ਅਤੇ ਦੂਰੀ ਬਣਾ ਕੇ ਚੱਲਣ ਦੇ ਨਿਯਮਾਂ ਦੀ ਪਾਲਣਾ ਹੋ ਰਹੀ ਹੈ। ਦਰਸ਼ਨੀ ਡਿਉਢੀ ਤੋਂ ਅੰਦਰ ਜਾਣ ਵੇਲੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੂਰੀ ਬਣਾ ਕੇ ਰੱਖਣ ਲਈ ਘੱਟ ਗਿਣਤੀ ਵਿਚ ਸ਼ਰਧਾਲੂਆਂ ਨੂੰ ਅੰਦਰ ਨਤਮਸਤਕ ਹੋਣ ਲਈ ਭੇਜਿਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰੂ ਘਰ ਵਿੱਚ ਮਰਿਆਦਾ ਤੇ ਨਿਯਮਾਂ ਦੀ ਪਾਲਣਾ ਲਈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ। ਇਸ ਤਹਿਤ ਸ਼ਰਧਾਲੂਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਲਗਾਤਾਰ ਆਖਿਆ ਜਾਂਦਾ ਹੈ। ਕੈਂਪਸ ਤੋਂ ਬਾਹਰ ਜ਼ਿੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਇਨਾਤ ਮੁਲਾਜ਼ਮਾਂ ਦੀ ਹੈ। ਸਿਹਤ ਵਿਭਾਗ ਵੱਲੋਂ ਯਾਤਰੀਆਂ ਦੀ ਸਿਹਤ ਸਕਰੀਨਿੰਗ ਲਈ ਤਾਇਨਾਤ ਕੀਤੇ ਗਏ ਨੋਡਲ ਅਫਸਰ ਡਾ. ਨਿਰਮਲ ਸਿੰਘ ਨੇ ਆਖਿਆ ਕਿ ਕੱਲ੍ਹ ਖੋਲ੍ਹੇ ਗਏ ਦੋਵਾਂ ਰਸਤਿਆਂ ’ਤੇ ਹਾਲੇ ਸਕਰੀਨਿੰਗ ਕੈਂਪ ਸਥਾਪਤ ਨਹੀਂ ਕੀਤੇ ਗਏ ਪਰ ਜਲਦੀ ਹੀ ਇਹ ਕਾਰਵਾਈ ਕਰ ਦਿੱਤੀ ਜਾਵੇਗੀ।