ਕਰੂਜ਼ ਸ਼ਿਪ ਚ ਫਸੇ ਆਸਟ੍ਰੇਲੀਅਨਜ਼ ਨੂੰ ਲੈਣ ਗਿਆ ਕੰਤਾਸ ਜਹਾਜ਼
ਸਿਡਨੀ— ਕੋਰੋਨਾ ਵਾਇਰਸ ਦੇ ਡਰ ਕਾਰਨ ਜਾਪਾਨ ਨੇ 2300 ਲੋਕਾਂ ਨਾਲ ਭਰੀ ਕਰੂਜ਼ ਸ਼ਿਪ ਨੂੰ ਆਪਣੀ ਬੰਦਰਗਾਹ 'ਤੇ ਆਉਣ ਤੋਂ ਰੋਕ ਦਿੱਤਾ ਹੈ। ਹਾਲੈਂਡ ਅਮਰੀਕਾ ਦੀ ਐੱਮ. ਐੱਸ. ਵੈੱਸਟਰਨਡ ਕਰੂਜ਼ ਸ਼ਿਪ ਤਾਇਵਾਨ ਤੋਂ ਪੂਰਬੀ ਚੀਨ ਸਾਗਰ ਦੇ ਰਸਤਿਓਂ ਜਾਪਾਨ ਦੇ ਇਸ਼ੀਗਾਕੀ ਟਾਪੂ ਵੱਲ ਜਾ ਰਿਹਾ ਸੀ ਪਰ ਜਾਪਾਨ ਨੇ ਇਸ ਨੂੰ ਆਪਣੀ ਬੰਦਰਗਾਹ ਵੱਲ ਆਉਣ ਤੋਂ ਰੋਕ ਦਿੱਤਾ ਹੈ। ਇਸ ਲਈ ਇਹ ਕਰੂਜ਼ ਸ਼ਿਪ ਅਜੇ ਰਾਹ 'ਚ ਘੁੰਮ ਰਹੀ ਹੈ। ਇਸ 'ਚ ਸਵਾਰ ਆਸਟ੍ਰੇਲੀਆਈ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੰਤਾਸ ਜਹਾਜ਼ ਨੇ ਉਡਾਣ ਭਰ ਲਈ ਹੈ। ਜ਼ਿਕਰਯੋਗ ਹੈ ਕਿ ਜਾਪਾਨ ਦੀ ਕਰੂਜ਼ ਸ਼ਿਪ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਜਾਪਾਨ ਵੀ ਡਰ ਗਿਆ ਹੈ। ਆਸਟ੍ਰੇਲੀਆਈ ਸਮੇਂ ਮੁਤਾਬਕ ਦੁਪਹਿਰ 12.30 ਵਜੇ ਕੰਤਾਸ ਜਹਾਜ਼ ਨੇ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਲਿਆਏ ਜਾਣ ਵਾਲੇ ਲੋਕਾਂ ਨੂੰ ਡਾਰਵਿਨ 'ਚ ਇਕ ਵੱਖਰੇ ਕੈਂਪ 'ਚ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਐਡੀਲੇਡ ਦਾ ਰਹਿਣ ਵਾਲਾ ਇਕ ਜੋੜਾ ਡੇਵਿਡ ਹੋਇਸਟ ਅਤੇ ਉਨ੍ਹਾਂ ਦੀ ਪਤਨੀ ਜੂਡੀ 1500 ਯਾਤਰੀਆਂ ਅਤੇ 800 ਕਰੂ ਮੈਂਬਰਾਂ ਨਾਲ ਕਰੂਜ਼ ਸ਼ਿਪ 'ਚ ਹੈ। ਸ਼ਿਪ ਫਿਲਪੀਨਜ਼ ਜਾਣ ਵਾਲੀ ਸੀ ਪਰ ਕੈਪਟਨ ਨੇ ਦੱਸਿਆ ਕਿ ਹੁਣ ਇਹ ਉੱਥੇ ਦਾਖਲ ਨਹੀਂ ਹੋ ਸਕੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਾਫੀ ਫਿਊਲ ਅਤੇ ਖਾਣ ਲਈ ਰਾਸ਼ਨ ਹੈ, ਇਸ ਲਈ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਸਮੁੰਦਰੀ ਬੇੜੇ ਰਾਹੀਂ ਲੋਕਾਂ ਨੂੰ ਸੁਰੱਖਿਅਤ ਲੈ ਜਾਇਆ ਜਾਵੇਗਾ। ਇਸ ਕਰੂਜ਼ ਸ਼ਿਪ ਨੇ ਇਸ਼ੀਗਾਕੀ ਆਈਲੈਂਡ, ਨਾਹਾ, ਓਕਿਨਾਵਾ, ਨਾਗਾਸਾਕੀ ਅਤੇ ਫੂਕੋਕਾ ਤੋਂ ਹੁੰਦੇ ਹੋਏ 15 ਫਰਵਰੀ ਨੂੰ ਯੋਕੋਹੋਮਾ ਪੁੱਜਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਅਮਰੀਕੀ ਨੇਵੀ ਡਿਪਾਰਟਮੈਂਟ ਆਫ ਸਟੇਟ ਅਤੇ ਦਿ ਡੱਚ ਸਰਕਾਰ ਵਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।