ਕਰੋਨਾ ਕੇਸ ਦੁੱਗਣੇ ਹੋਣ ਦੀ ਰਫ਼ਤਾਰ ਘਟੀ: ਹਰਸ਼ ਵਰਧਨ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਦੇਸ਼ ’ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਸਮਾਂ ਘਟ ਕੇ 13.9 ਦਿਨ ਹੋ ਗਿਆ ਹੈ। ਕੋਬਾਸ 6800 ਟੈਸਟਿੰਗ ਮਸ਼ੀਨ ਦੇ ਉਦਘਾਟਨ ਲਈ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਪੁੱਜੇ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ 14 ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦਾ ਕੋਈ ਨਵਾਂ ਕੇਸ ਰਿਪੋਰਟ ਨਹੀਂ ਹੋਇਆ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 3722 ਸੱਜਰੇ ਕੇਸਾਂ ਨਾਲ ਕੋਵਿਡ-19 ਕੇਸਾਂ ਦੀ ਗਿਣਤੀ 78 ਹਜ਼ਾਰ ਦੇ ਅੰਕੜੇ ਨੂੰ ਪਾਰ ਪਾਉਂਦਿਆਂ 78,003 ਹੋ ਗਈ ਹੈ। ਸਿਹਤ ਮੰਤਰੀ ਨੇ ਮੁਸ਼ਕਲ ਹਾਲਾਤ ਵਿੱਚ ਦਿਨ-ਰਾਤ ਕੰਮ ਕਰ ਰਹੇ ‘ਕਰੋਨਾ ਯੋਧਿਆਂ’ ਨੂੰ ਸਲਾਮ ਕਰਦਿਆਂ ਉਨ੍ਹਾਂ ਵੱਲੋਂ ਕਰੋਨਾ ਖ਼ਿਲਾਫ਼ ਜੰਗ ’ਚ ਪਾਏ ਯੋਗਦਾਨ ਦੀ ਤਾਰੀਫ਼ ਕੀਤੀ। ਸਿਹਤ ਮੰਤਰਾਲੇ ਨੇ ਵਰਧਨ ਦੇ ਹਵਾਲੇ ਨਾਲ ਇਕ ਬਿਆਨ ਵਿੱਚ ਕਿਹਾ, ‘ਰਾਹਤ ਵਾਲੀ ਗੱਲ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਕੋਵਿਡ-19 ਕੇਸਾਂ ਦੇ ਦੁੱਗਣੇ ਹੋਣ ਦੀ ਰਫ਼ਤਾਰ ਘੱਟ ਕੇ 13.9 ਦਿਨ ਰਹਿ ਗਈ ਹੈ। ਜਦੋਂਕਿ ਪਿਛਲੇ 14 ਦਿਨਾਂ ਵਿੱਚ ਕੇਸ 11.1 ਦਿਨਾਂ ’ਚ ਦੁੱਗਣੇ ਹੋ ਰਹੇ ਹਨ।’ ਟੈਸਟਿੰਗ ਸਮਰੱਥਾ ਨੂੰ ਵਧਾਉਣ ਦੀ ਗੱਲ ਕਰਦਿਆਂ ਮੰਤਰੀ ਨੇ ਕਿਹਾ, ‘ਅਸੀਂ ਹੁਣ ਰੋਜ਼ਾਨਾ ਇਕ ਲੱਖ ਟੈਸਟ ਕਰਨ ਦੀ ਸਮਰੱਥਾ ਵਿਕਸਤ ਕਰ ਲਈ ਹੈ। ਅੱਜ ਦਾ ਦਿਨ ਕਾਫ਼ੀ ਅਹਿਮ ਮੀਲਪੱਥਰ ਹੈ ਕਿਉਂਕਿ ਅਸੀਂ 500 ਤੋਂ ਵੱਧ ਲੈਬਾਰਟਰੀਆਂ (359 ਸਰਕਾਰੀ ਤੇ 145 ਨਿੱਜੀ) ਵਿੱਚ ਕੋਵਿਡ-19 ਦੇ 20 ਲੱਖ ਦੇ ਕਰੀਬ ਟੈਸਟ ਮੁਕੰਮਲ ਕਰ ਲਏ ਹਨ।’ ਸ੍ਰੀ ਹਰਸ਼ ਵਰਧਨ ਨੇ ਕਿਹਾ ਕਿ ਕੋਬਾਸ 6800 ਪੂਰੀ ਤਰ੍ਹਾਂ ਸਵੈਚਾਲਿਤ ਮਸ਼ੀਨ ਹੈ ਜਿਸ ਦੀ ਮਦਦ ਨਾਲ ਰੀਅਲ ਟਾਈਮ ਕੋਵਿਡ-19 ਪੀਸੀਆਰ ਟੈਸਟ ਕੀਤੇ ਜਾ ਸਕਣਗੇ।
ਬੁੱਧਵਾਰ ਸਵੇਰ ਤੋਂ ਹੁਣ ਤਕ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ 134 ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਕੁੱਲ ਗਿਣਤੀ 2549 ਨੂੰ ਅੱਪੜ ਗਈ ਹੈ। ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 49,219 ਤੇ ਹੁਣ ਤਕ 26,235 ਵਿਅਕਤੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਹੁਣ ਤਕ 32.83 ਫੀਸਦ ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦੋਂਕਿ ਮੌਤਾਂ ਦੀ ਦਰ 3.2 ਫੀਸਦ ਹੈ। ਇਸ ਦੌਰਾਨ ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਵੱਲੋਂ ਪ੍ਰਾਪਤ ਅੰਕੜਿਆਂ ਦੇ ਹਵਾਲੇ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 78,880 ਤੇ ਮੌਤਾਂ ਦਾ ਅੰਕੜਾ 2493 ਦੱਸਿਆ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਸੱਤ ਸਾਲਾ ਬੱਚੀ ਤੇ ਦੋ ਮਹਿਲਾਵਾਂ ਦੇ ਕਰੋਨਾ ਪਾਜ਼ੇਟਿਵ ਨਿਕਲ ਆਉਣ ਨਾਲ ਪਹਾੜੀ ਰਾਜ ਵਿੱਚ ਕੋਵਿਡ ਕੇਸਾਂ ਦੀ ਗਿਣਤੀ 71 ਹੋ ਗਈ ਹੈ। ਨਵੇਂ ਕੇਸ ਸਿਰਮੌਰ ਤੇ ਕਾਂਗੜਾ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ। ਉਧਰ ਮੁੰਬਈ ਦੇ ਠਾਣੇ ਵਿੱਚ 35 ਸਾਲਾ ਕਰੋਨਾ ਪਾਜ਼ੇਟਿਵ ਮਹਿਲਾ ਨੇ ਨਵੀ ਮੁੰਬਈ ਦੇ ਹਸਪਤਾਲ ’ਚ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ।