ਕਰੋਨਾ ਖ਼ਿਲਾਫ਼ ਲੜਾਈ ’ਚ ਪਾਰਦਰਸ਼ਤਾ ਜ਼ਰੂਰੀ: ਰਾਹੁਲ
ਕਾਂਗਰਸ ਦੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਤਾਲਾਬੰਦੀ ਤੋਂ ਬਾਹਰ ਨਿਕਲਣ ਦੀ ਰਣਨੀਤੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਵਿਚ ਇਸ ਵਾਇਰਸ ਨਾਲ ਜੁੜੇ ਡਰ ਦੇ ਮਾਹੌਲ ਨੂੰ ਖਤਮ ਕਰਨਾ ਪਏਗਾ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਖ਼ਿਲਾਫ਼ ਲੜਾਈ ਵਿੱਚ ਸਰਕਾਰ ਦੇ ਕਦਮਾਂ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਛੋਟੇ ਕਾਰੋਬਾਰੀਆਂ ਦੀ ਤੁਰੰਤ ਸਹਾਇਤਾ ਕਰਨੀ ਚਾਹੀਦੀ ਹੈ ਅਤੇ 7500 ਰੁਪਏ ਗਰੀਬਾਂ ਅਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਉਣੇ ਚਾਹੀਦੇ ਹਨ। ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਛੋਟੇ ਕਾਰੋਬਾਰਾਂ, ਮਜ਼ਦੂਰਾਂ ਦੀ ਮਦਦ ਕਰਨੀ ਪਏਗੀ।” ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਰਹੀਆਂ ਹਨ ਜੇ ਅਸੀਂ ਹੁਣ ਮਦਦ ਨਹੀਂ ਕਰਦੇ ਤਾਂ ਬੇਰੁਜ਼ਗਾਰੀ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਗਾਂਧੀ ਨੇ ਕਿਹਾ, “ਜੇ ਸਾਨੂੰ ਤਾਲਾਬੰਦੀ ਤੋਂ ਬਾਹਰ ਨਿਕਲਣਾ ਹੈ ਤਾਂ ਸਾਨੂੰ ਡਰ ਦਾ ਮਾਹੌਲ ਖਤਮ ਕਰਨਾ ਪਏਗਾ। ਇਹ ਕਹਿਣਾ ਪਵੇਗਾ ਕਿ ਕੋਵਿਡ -19 99 ਪ੍ਰਤੀਸ਼ਤ ਲੋਕਾਂ ਲਈ ਖ਼ਤਰਨਾਕ ਨਹੀਂ ਹੈ, ਜਿਨ੍ਹਾਂ ਇਕ ਫੀਸਦ ਲੋਕਾਂ ਲਹੀ ਖਤਰਨਾਕ ਹੈ ਉਨ੍ਹਾਂ ਦੀ ਸਾਨੂੰ ਸੁਰੱਖਿਆ ਕਰਨੀ ਪਵੇਗੀ। ਜੇ ਇਹ ਲੜਾਈ ਪੀਐੱਮਓ ਵਿੱਚ ਰੱਖਾਂਗੇ ਤਾਂ ਇਹ ਮੁਲਕ ਜੰਗ ਹਾਰ ਜਾਵੇਗਾ। ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀਆਂ ’ਤੇ ਮੁੱਖ ਮੰਤਰੀਆਂ ਨੂੰ ਜ਼ਿਲ੍ਹਾ ਅਧਿਕਾਰੀਆਂ ’ਤੇ ਵਿਸ਼ਵਾਸ ਕਰਨਾ ਪਵੇਗਾ।’