ਕਰੋਨਾ: ਜਲੰਧਰ ’ਚ 11ਵੀਂ ਤੇ ਸੰਗਰੂਰ ਵਿੱਚ ਦੂਜੀ ਮੌਤ
ਜਲੰਧਰ ਵਿੱਚ ਕਰੋਨਾ ਕਾਰਨ 11ਵੀਂ ਤੇ ਸੰਗਰੂਰ ਵਿੱਚ ਦੂਜੀ ਮੌਤ ਹੋਈ ਹੈ। ਜਲੰਧਰ ਦੇ ਦਿਲਬਾਗ ਨਗਰ ਦੀ ਕਰੋਨਾ ਪੀੜਤ 63 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਦੇਰ ਰਾਤ ਲੁਧਿਆਣ ਦੇ ਡੀਐੱਮਸੀ ਵਿੱਚ ਉਸ ਨੇ ਆਖਰੀ ਸਾਹ ਲਿਆ। ਉਹ ਪਿਛਲੇ ਹਫਤੇ ਤੋਂ ਉਥੇ ਦਾਖਲ ਸੀ। ਜਲੰਧਰ ਵਿੱਚ ਕਰੋਨਾਵਾਇਰਸ ਤੋਂ ਪੀੜਤ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੀ ਪੁਸ਼ਟੀ ਡੀਐੱਮਸੀ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਕੀਤੀ ਹੈ। ਜਲੰਧਰ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 322 ਹੋ ਗਈ ਹੈ।
ਜ਼ਿਲ੍ਹਾ ਸੰਗਰੂਰ ਵਿਚ ਕਰੋਨਾ ਪੀੜਤ 52 ਸਾਲਾ ਔਰਤ ਦੀ ਮੌਤ ਹੋ ਗਈ ਹੈ। ਕਰੋਨਾ ਨਾਲ ਜ਼ਿਲ੍ਹਾ ਸੰਗਰੂਰ ਵਿੱਚ ਇਹ ਦੂਜੀ ਮੌਤ ਹੈ। ਮਾਲੇਰਕੋਟਲਾ ਦੀ ਵਸਨੀਕ ਬਿਮਲਾ ਦੇਵੀ ਨਾਮੀ ਔਰਤ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਸੀ। ਇਹ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ। ਦੋ ਦਿਨਾਂ ਤੋ ਵੈਂਟਿਲੇਟਰ ’ਤੇ ਸੀ। ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਦੋ ਦਿਨ ਪਹਿਲਾਂ ਹੀ ਮਾਲੇਰਕਟਲਾ ਦੇ ਵਸਨੀਕ ਬਸ਼ੀਰ ਮੁਹੰਮਦ ਦੀ ਵੀ ਕਰੋਨਾ ਨਾਲ ਮੌਤ ਹੋਈ ਹੈ।
ਇਥੋਂ ਦੇ ਲੋਹਗੜ੍ਹ ਖੇਤਰ ਵਿਚ ਸਵਾਸਤਿਕ ਵਿਹਾਰ ਵਸਨੀਕ 68 ਸਾਲਾਂ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਔਰਤ ਦੀ ਪਛਾਣ ਸਵਰਨ ਕਾਂਤਾ ਵਜੋਂ ਹੋਈ ਹੈ। ਔਰਤ ਲੰਘੇ ਦਿਨੀਂ ਸਹਾਰਨਪੁਰ ਆਪਣੀ ਲੜਕੀ ਨੂੰ ਮਿਲ ਕੇ ਆਈ ਹੈ। ਉਸ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਮੁਹਾਲੀ ਫੌਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੋਂ ਉਸ ਦਾ ਟੈਸਟ ਕਰਨ ’ਤੇ ਰਿਪੋਰਟ ਪਾਜ਼ੇਟਿਵ ਆਉਣ ’ਤੇ ਬਨੂੜ ਗਿਆਨ ਸਾਗਰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ।