ਕਰੋਨਾ ਨੇ ਮੁਲਕ ਨੂੰ ਆਤਮ-ਨਿਰਭਰਤਾ ਦਾ ਸਬਕ ਸਿਖਾਇਆ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪ੍ਰਧਾਨਾਂ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਮੁਲਕ ਨੂੰ ਆਤਮਨਿਰਭਰ ਹੋਣ ਦਾ ਸਬਕ ਸਿਖਾਇਆ ਹੈ। ਉਨ੍ਹਾਂ ਪਿੰਡਾਂ ’ਚ ਸਮਾਜਿਕ ਦੂਰੀ ਲਈ ‘ਦੋ ਗਜ਼ ਦੀ ਦੂਰੀ’ ਦੇ ਮੰਤਰ ਦੀ ਵੀ ਸ਼ਲਾਘਾ ਕੀਤੀ। ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਅੱਜ ‘ਈ-ਗ੍ਰਾਮ ਪੋਰਟਲ’ ਦਾ ਉਦਘਾਟਨ ਵੀ ਕੀਤਾ ਅਤੇ ਮਾਲਿਕਾਨਾ ਯੋਜਨਾ (ਸਵਾਮਿਤਵ ਯੋਜਨਾ) ਦੀ ਸ਼ੁਰੂਆਤ ਵੀ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਕਿਹਾ,‘‘ਕਰੋਨਾ ਨੇ ਸਾਨੂੰ ਸਾਰਿਆਂ ਨੂੰ ਸਭ ਤੋਂ ਵੱਡਾ ਸਬਕ ਸਿਖਾਇਆ ਹੈ ਕਿ ਅਸੀਂ ਆਤਮਨਿਰਭਰ ਹੋਈਏ। ਹੁਣ ਜ਼ਰੂਰੀ ਹੈ ਕਿ ਪਿੰਡ ਵੀ ਆਪਣੀਆਂ ਮੁੱਢਲੀਆਂ ਲੋੜਾਂ ਲਈ ਆਤਮਨਿਰਭਰ ਹੋਣ। ਕਰੋਨਾਵਾਇਰਸ ਮਹਾਮਾਰੀ ਕਰਕੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਾਂ ਜਿਨ੍ਹਾਂ ਦਾ ਕਦੇ ਸਾਹਮਣਾ ਨਹੀਂ ਕੀਤਾ ਸੀ ਪਰ ਇਸ ਦੇ ਨਾਲ ਲੋਕਾਂ ਨੂੰ ਨਵੀਆਂ ਚੀਜ਼ਾਂ ਵੀ ਸਿੱਖਣ ਨੂੰ ਮਿਲੀਆਂ ਹਨ।’’ ਉਨ੍ਹਾਂ ਕਿਹਾ ਕਿ ਪਿੰਡਾਂ, ਜ਼ਿਲ੍ਹਿਆਂ ਅਤੇ ਰਾਜਾਂ ਦੇ ਨਾਲ-ਨਾਲ ਦੇਸ਼ ਦੀਆਂ ਲੋੜਾਂ ਲਈ ਸਵੈ-ਨਿਰਭਰ ਹੋਣਾ ਚਾਹੀਦਾ ਹੈ ਜੋ ਬਹੁਤ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਕੋਵਿਡ-19 ਤੋਂ ਬਚਣ ਲਈ ਸਮਾਜਿਕ ਦੂਰੀ ਵਰਤਣ ਲਈ ਸਾਧਾਰਨ ਸ਼ਬਦਾਂ ’ਚ ‘ਦੋ ਗਜ਼ ਦੀ ਦੂਰੀ ਬਹੁਤ ਹੈ ਜ਼ਰੂਰੀ’ ਦੇ ਦਿੱਤੇ ਮੰਤਰ ਦੀ ਤਾਰੀਫ਼ ਕੀਤੀ ਜਿਸ ਰਾਹੀਂ ਲੋਕ ਨੂੰ ਆਸਾਨ ਢੰਗ ਨਾਲ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਨੇ ਆਪਣੇ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਰਾਹੀਂ ਕਰੋਨਾ ਨਾਲ ਲੜਨ ਦਾ ਬਿਹਤਰੀਨ ਮਾਰਗ ਦਿਖਾਇਆ।