ਕਰੋਨਾ ਪੀੜਤ ਤੇਜ਼ੀ ਨਾਲ ਸਿਹਤਯਾਬ ਹੋਣ ਲੱਗੇ: ਸਿਹਤ ਮੰਤਰਾਲਾ
ਲੌਕਡਾਊਨ 2.0 ਦੇ ਤੀਜੇ ਦਿਨ 1076 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 13,835 ਹੋ ਗਈ ਹੈ ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 32 ਸੱਜਰੀਆਂ ਮੌਤਾਂ ਨਾਲ ਵਾਇਰਸ ਕਰਕੇ ਹੁਣ ਤਕ 452 ਵਿਅਕਤੀ ਦਮ ਤੋੜ ਗਏ ਹਨ। ਇਸ ਦੌਰਾਨ ਚੀਨ ਤੋਂ ਮੰਗਾਈਆਂ 63000 ਪੀਪੀਈ (ਨਿੱਜੀ ਸੁਰੱਖਿਆ ਉਪਕਰਨ) ਕਿੱਟਾਂ ਗੁਣਵੱਤਾ ਪ੍ਰੀਖਣ ਦੌਰਾਨ ਨੁਕਸਦਾਰ ਨਿਕਲੀਆਂ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਹੋਰਨਾਂ ਮੁਲਕਾਂ ਦੇ ਮੁਕਾਬਲੇ ਵਿੱਚ ਭਾਰਤ ’ਚ ਕਰੋਨਾ ਪੀੜਤ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ। ਏਮਜ਼ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ ‘ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦੇ ਮਾਮਲੇ ਵਿੱਚ’ ਭਾਰਤ ਦੀ ਰਫ਼ਤਾਰ ਹੋਰਨਾਂ ਮੁਲਕਾਂ ਦੇ ਮੁਕਾਬਲੇ ਘਟੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਕਿਸੇ ਇਕਾਂਤਵਾਸ ਜ਼ੋਨ ਵਿੱਚ ਘੱਟੋ-ਘੱਟ ਚਾਰ ਹਫ਼ਤਿਆਂ(28 ਦਿਨਾਂ) ਤਕ ਕੋਵਿਡ-19 ਦਾ ਕੋਈ ਸੈਕੰਡਰੀ ਪਾਜ਼ੇਟਿਵ ਕੇਸ ਰਿਪੋਰਟ ਨਹੀਂ ਹੁੰਦਾ ਤਾਂ ਉਸ ਇਲਾਕੇ ਵਿੱਚ ਕੰਟੇਨਮੈਂਟ ਅਪਰੇਸ਼ਨਾਂ ਨੂੰ ਕੁਝ ਹੱਦ ਤਕ ਘਟਾਇਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਦੌਰਾਨ ਗੁਜਰਾਤ ਅੱਜ ਦੇਸ਼ ਦਾ ਛੇਵਾਂ ਸੂਬਾ ਬਣ ਗਿਆ, ਜਿੱਥੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1 ਹਜ਼ਾਰ ਦੇ ਅੰਕੜੇ ਨੂੰ ਟੱਪ ਗਈ ਹੈ। ਗੁਜਰਾਤ (1021) ਤੋਂ ਪਹਿਲਾਂ ਇਸ ਸੂਚੀ ਵਿੱਚ ਮਹਾਰਾਸ਼ਟਰ(3236), ਦਿੱਲੀ(1640), ਤਾਮਿਲ ਨਾਡੂ(1323), ਰਾਜਸਥਾਨ(1193) ਤੇ ਮੱਧ ਪ੍ਰਦੇਸ਼ (1164) ਸ਼ਾਮਲ ਹਨ। ਮੁੰਬਈ ’ਚ ਏਸ਼ੀਆ ਦੀ ਸਭ ਤੋਂ ਵੱਡੀ ਝੌਂਪੜ ਪੱਟੀ ਧਾਰਾਵੀ ’ਚ ਕਰੋਨਾ ਦੀ ਲਾਗ ਤੋਂ ਪੀੜਤ ਕੇਸਾਂ ਦਾ ਅੰਕੜਾ 101 ਹੋ ਗਿਆ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਸਰਗਰਮ ਕੋਵਿਡ-19 ਕੇਸਾਂ ਦੀ ਗਿਣਤੀ 11,616 ਹੈ। ਹੁਣ ਤਕ 1,766 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਕੁੱਲ ਪਾਜ਼ੇਟਿਵ ਕੇਸਾਂ ਵਿੱਚ 76 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪਿਛਲੇ 24 ਘੰਟਿਆਂ ਦੌਰਾਨ 32 ਮੌਤਾਂ ਰਿਪੋਰਟ ਹੋਈਆਂ ਹਨ। ਇਨ੍ਹਾਂ ਵਿੱਚੋਂ ਰਾਜਸਥਾਨ ’ਚ 8, ਮਹਾਰਾਸ਼ਟਰ ’ਚ 7, ਦਿੱਲੀ ’ਚ 6, ਮੱਧ ਪ੍ਰਦੇਸ਼ ’ਚ 4, ਪੱਛਮੀ ਬੰਗਾਲ ਵਿੱਚ 3, ਗੁਜਰਾਤ ’ਚ 2 ਅਤੇ ਤਾਮਿਲ ਨਾਡੂ ਤੇ ਉੱਤਰ ਪ੍ਰਦੇਸ਼ ਵਿੱਚ ਇਕ-ਇਕ ਵਿਅਕਤੀ ਦਮ ਤੋੜ ਗਿਆ। ਇਸ ਦੌਰਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਇਕ ਵਿਅਕਤੀ ਦੀ ਕਰੋਨਾ ਕਰਕੇ ਮੌਤ ਹੋ ਗਈ। ਇਸ ਸੱਜਰੀ ਮੌਤ ਨਾਲ ਪੰਜਾਬ ਵਿੱਚ ਮੌਤਾਂ ਦਾ ਕੁੱਲ ਅੰਕੜਾ 15 ਹੋ ਗਿਆ ਹੈ। ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਕ੍ਰਮਵਾਰ 194 ਤੇ 57 ਵਿਅਕਤੀ ਕਰੋਨਾ ਕਰਕੇ ਮੌਤ ਦੇ ਮੂੰਹ ਪੈ ਚੁੱਕੇ ਹਨ। ਦਿੱਲੀ, ਗੁਜਰਾਤ ਤੇ ਤਿਲੰਗਾਨਾ ’ਚ ਮੌਤਾਂ ਦੀ ਗਿਣਤੀ ਕ੍ਰਮਵਾਰ 38, 38 ਤੇ 18 ਹੈ। ਇਸ ਦੌਰਾਨ ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਕਰੋਨਾ ਪਾਜ਼ੇਟਿਵ ਕਰਕੇ ਮੌਤਾਂ ਦੀ ਗਿਣਤੀ 457 ਦੱਸੀ ਹੈ।